ਐੱਸ ਆਈ ਤੁਰੰਤ ਮੁਅੱਤਲ ਕੀਤੇ ਜਾਣ : ਅਕਾਲੀ ਦਲ

0
324

ਅੰਮ੍ਰਿਤਸਰ 2 ਫਰਵਰੀ (        ) : ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਦੇ ਬਾਜ਼ਾਰ ਵਿੱਚ ਦੋ
ਦਰਜਨ ਦੇ ਕਰੀਬ ਗੁੰਡਾ ਅਨਸਰਾਂ ਵੱਲੋਂ ਸ਼ਰੇਆਮ ਕੀਤੀ ਗੁੰਡਾਗਰਦੀ ਵਿੱਚ 67 ਦੁਕਾਨਾਂ ਭੰਨਣ,
ਲੜਕੀਆਂ ਨਾਲ ਛੇੜਖ਼ਾਨੀ ਤੇ ਬਦਸਲੂਕੀ ਕਰਨ ਅਤੇ ਰਾਹਗੀਰਾਂ ਨਾਲ ਕੁੱਟਮਾਰ ਕਰਨ ਦੀ ਘਟਨਾ ਵਿੱਚ
ਅੱਜ ਤੀਜੇ ਦਿਨ ਤਕ ਵੀ ਕੋਈ ਕਾਰਵਾਈ ਨਾ ਕਰਨ ਬਦਲੇ ਸਬੰਧਿਤ ਡੀ ਐੱਸ ਪੀ, ਐੱਸ ਐੱਚ ਓ ਤੇ ਏ
ਐੱਸ ਆਈ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ  ਹੀ ਸ਼ਰੇਆਮ ਹੋਈ ਗੁੰਡਾਗਰਦੀ
ਵਿੱਚ ਹਲਕਾ ਵਿਧਾਇਕ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਭੂਮਿਕਾ ਬਦਲੇ ਉਹਨਾਂ ਖ਼ਿਲਾਫ਼ ਵੀ
ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।
ਅੱਜ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ
ਤਰਨਤਾਰਨ ਦੇ ਪ੍ਰਧਾਨ ਸ੍ਰ ਵਿਰਸਾ ਸਿੰਘ ਵਲਟੋਹਾ, ਸਾਬਕਾ ਵਿਧਾਇਕ ਸ੍ਰ ਹਰਮੀਤ ਸਿੰਘ ਸੰਧੂ
ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਾਂਝੇ ਤੌਰ ‘ਤੇ ਦੋਸ਼ ਲਾਇਆ ਕਿ ਕੈਪਟਨ
ਅਮਰਿੰਦਰ ਸਿੰਘ ਦੀ ਸਰਕਾਰ ਚੋਣ ਵਾਅਦੇ ਪੂਰੇ ਕਰਨ ਤੋਂ ਹੀ ਨਹੀਂ ਭਜੀ ਸਗੋਂ ਅਮਨ ਕਾਨੂੰਨ
ਕਾਇਮ ਰੱਖਣ ਦੀ ਵੱਡੀ ਜ਼ਿੰਮੇਵਾਰੀ ਤੋਂ ਵੀ ਕਿਨਾਰਾ ਕਰ ਚੁੱਕੀ ਹੈ। ਰਾਜ ਵਿੱਚ ਦਿਨੋਂ ਦਿਨ
ਤੇਜੀ ਨਾਲ ਵਿਗੜ ਰਹੀ ਅਮਨ ਕਾਨੂੰਨ ਵਿਵਸਥਾ ਨਾਲ ਆਮ ਨਾਗਰਿਕ ਖੌਫਜਾਦਾ ਹਨ, ਪਰ ਅਫ਼ਸੋਸ ਕਿ
ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੀ ਸ਼ਹਿ ‘ਤੇ ਦਿਨ ਦਿਹਾੜੇ ਹੋ ਰਹੀਆਂ ਗੁੰਡਾਗਰਦੀ ਦੀਆਂ
ਘਟਨਾਵਾਂ ਨੂੰ ਮੁੱਖ ਮੰਤਰੀ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ।
ਉਹਨਾਂ ਕਿਹਾ ਕਿ ਦੋ ਦਰਜਨ ਗੁੰਡਿਆਂ ਵੱਲੋਂ ਤਰਨ ਤਾਰਨ ਦੇ ਬਾਜ਼ਾਰਾਂ ਵਿੱਚ ਸ਼ਰੇਆਮ ਤੋੜ ਭੰਨ
ਕਰਨ, ਰਾਹਗੀਰਾਂ ਨੂੰ ਕੁੱਟਣਾ ਤੇ ਲੜਕੀਆਂ ਨਾਲ ਬਦਸਲੂਕੀ ਤੇ ਛੇੜਛਾੜ ਤੇ ਪੌਣਾ ਘੰਟਾ ਤੱਕ
ਗੁੰਡਾਗਰਦੀ ਦੇ ਕੀਤੇ ਨੰਗੇ ਨਾਚ ਦੀ ਘਟਨਾ ਵਿੱਚ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਨੇ
ਸਾਬਤ ਕਰ ਦਿੱਤਾ ਹੈ ਕਿ ਇਹ ਕਾਰਵਾਈ ਸੱਤਾਧਾਰੀ ਪਾਰਟੀ ਦੀ ਸ਼ਹਿ ‘ਤੇ ਹੋਈ ਹੈ। ਉਹਨਾਂ ਕਿਹਾ
ਕਿ ਏ ਐੱਸ ਆਈ ਨਿਰਮਲ ਸਿੰਘ ਨੂੰ ਸ਼ਿਕਾਇਤ ਕਰਨ ਪੁੱਜੇ ਦੁਕਾਨਦਾਰਾਂ ਨੂੰ ਉਸਨੇ ਸਪਸ਼ਟ ਹੀ ਕਹਿ
ਦਿੱਤਾ ਕਿ ਜਦੋਂ ਤੱਕ ਐੱਸ ਐੱਚ ਓ ਨਹੀਂ ਕਹਿੰਦਾ, ਮੈਂ ਮੌਕੇ ‘ਤੇ ਵੀ ਨਹੀਂ ਜਾਣਾ ਜਿਸ ਤੋਂ
ਸਾਬਤ ਹੁੰਦਾ ਹੈ ਕਿ ਇਹ ਸਾਰਾ ਕੁੱਝ ਉੱਚ ਪੱਧਰ ‘ਤੇ ਇਸ਼ਾਰੇ ਅਤੇ ਮਿਲੀ ਭੁਗਤ ਨਾਲ ਹੀ
ਹੋਇਆ। ਉਹਨਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਦੇਣ ਲਈ ਦੁਕਾਨਦਾਰਾਂ ਵੱਲੋਂ ਫੋਨ ਕਰਨ ‘ਤੇ ਐੱਸ
ਐੱਸ ਪੀ ਦਾ ਫੋਨ ਨਾ ਚੁੱਕਣ ਵੀ ਇਸ ਗੱਲ ਨੂੰ ਹੋਰ ਪੁਖ਼ਤਾ ਕਰਦਾ ਹੈ ਕਿ ਕਾਂਗਰਸ ਪਾਰਟੀ ਦੀ
ਸ਼ਹਿ ‘ਤੇ ਗੁੰਡਾਗਰਦੀ ਦਾ ਇਹ ਨੰਗਾ ਨਾਚ ਹੋਇਆ ਤੇ ਪੰਜਾਬ ਵਿੱਚ ਅਜਿਹੀ ਘਟਨਾ ਕਦੇ ਵੀ ਨਹੀਂ
ਵਾਪਰੀ। ਉਹਨਾਂ ਕਿਹਾ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਗੁੰਡਾ ਅਨਸਰਾਂ ਨੇ ਇਹ
ਕਾਰਵਾਈ ਕੀਤੀ ਉਹ ਹਲਕਾ ਵਿਧਾਇਕ ਦੇ ਨਜ਼ਦੀਕੀ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ
ਇਹ ਹੈ ਕਿ ਜਿਸ ਥਾਂ ‘ਤੇ ਘਟਨਾ ਵਾਪਰੀ ਉਹ ਪੁਲਿਸ ਥਾਣੇ ਤੋਂ ਮਹਿਜ਼ 20 ਮੀਟਰ ਦੀ ਦੂਰੀ ‘ਤੇ
ਹੈ।
ਸ੍ਰੀ ਵਲਟੋਹਾ ਤੇ ਸ੍ਰੀ ਸੰਧੂ ਨੇ ਕਿਹਾ ਕਿ ਐੱਸ ਐੱਸ ਪੀ ਦੀ ਸ਼ੱਕੀ ਭੂਮਿਕਾ ਨੇ ਇਸ ਗੱਲ ਦਾ
ਸੰਕੇਤ ਦਿੱਤਾ ਹੈ ਕਿ ਇਹ ਸੱਤਾਧਾਰੀ ਧਿਰ ਦੇ ਵਿਧਾਇਕ ਦੇ ਆਦੇਸ਼ਾਂ ਤਹਿਤ ਹੀ ਲੋਕਾਂ ਵਿੱਚ
ਖੌਫ਼ ਤੇ ਦਹਿਸ਼ਤ ਪੈਦਾ ਕਰਨ ਵਾਸਤੇ ਇਹ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਤਰੀਕੇ ਦੀ
ਗੁੰਡਾਗਰਦੀ ਨਾਲ ਕਾਂਗਰਸ ਪਾਰਟੀ ਲੋਕਾਂ ਨੂੰ ਦਰਸਾਉਣਾ ਚਾਹੁੰਦੀ ਹੈ ਕਿ ਉਹ ਕਿਸੇ ਵੀ ਹੱਦ
ਤੱਕ ਡਿਗ ਕੇ ਕੁੱਝ ਵੀ ਕਰ ਸਕਦੀ ਹੈ। ਉਹਨਾਂ ਕਿਹਾ ਕਿ ਅਮਨ ਪਸੰਦ ਸੂਬੇ ਪੰਜਾਬ ਵਿੱਚ ਹਿੰਸਾ
ਦੀਆਂ ਅਜਿਹੀਆਂ ਕਾਰਵਾਈਆਂ ਨੇ ਪਹਿਲਾਂ ਵੀ ਮਾਹੌਲ ਖਰਾਬ ਕਰਨ ਦਾ ਕੰਮ ਕੀਤਾ ਸੀ ਤੇ ਹੁਣ
ਕਾਂਗਰਸ ਫਿਰ ਆਪਣੀਆਂ ਕੋਝੀਆਂ ਚਾਲਾਂ ‘ਤੇ ਆ ਗਈ ਹੈ।
ਸ੍ਰੀ ਵਲਟੋਹਾ ਤੇ ਸ੍ਰੀ ਸੰਧੂ ਨੇ ਮੰਗ ਕੀਤੀ ਕਿ ਡਿਊਟੀ ਪ੍ਰਤੀ ਜਾਣ ਬੁਝ ਕੇ ਕੀਤੀ ਅਣਗਹਿਲੀ
ਲਈ ਇਲਾਕੇ ਦੇ ਡੀ ਐੱਸ ਪੀ, ਐੱਸ ਐੱਚ ਓ ਤੇ ਏ ਐੱਸ ਆਈ ਨਿਰਮਲ ਸਿੰਘ ਨੂੰ ਤੁਰੰਤ ਮੁਅੱਤਲ
ਕੀਤਾ ਜਾਵੇ, ਐੱਸ ਐੱਸ ਪੀ ਦਾ ਤੁਰੰਤ ਤਬਾਦਲਾ ਕੀਤਾ ਜਾਵੇ ਤੇ ਹਲਕਾ ਵਿਧਾਇਕ ‘ਤੇ ਗੁੰਡਾ
ਅਨਸਰਾਂ ਨੂੰ ਸ਼ਹਿ ਦੇਣ ਤੇ ਦਹਿਸ਼ਤ ਫੈਲਾਉਣ ਦਾ ਮੁਕੱਦਮਾ ਦਰਜ ਕੀਤਾ ਜਾਵੇ ਤੇ ਸਾਰੇ ਮਾਮਲੇ
ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਦੋਸ਼ੀ ਅਧਿਕਾਰੀਆਂ
ਅਤੇ ਗੰਡਾ ਅਨਸਰਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਸਥਾਨਿਕ ਲੋਕਾਂ ਵਪਾਰੀਆਂ
ਨੂੰ ਨਾਲ ਨੇ ਕੇ ਜ਼ੋਰਦਾਰ ਮੁਹਿੰਮ ਛੇੜੇਗਾ।

ਇਸ ਮੌਕੇ ਮਨੋਜ ਕੁਮਾਰ ਟਿਮਾ ਪ੍ਰਧਾਨ ਸ਼ਹਿਰੀ, ਕੌਂਸਲਰ ਸਰਬਜੀਤ ਸਿੰਘ ਸਾਬੀ, ਕੌਂਸਲਰ
ਸਰਬਰਿੰਦਰ ਸਿੰਘ ਭਰੋਵਾਲ, ਬਲਜੀਤ ਸਿੰਘ ਗਿੱਲ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.