ਨਗਰ ਪੰਚਾਇਤ ਭਿੱਖੀਵਿੰਡ ਦੇ ਦਫਤਰ ਦਾ ਰੱਬ ਰਾਖਾ

0
683

ਭਿੱਖੀਵਿੰਡ 14 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਰਕਾਰ ਆਪਣੇ ਵੱਖ-ਵੱਖ
ਸਰਕਾਰੀ ਦਫਤਰਾਂ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜਰੀ ਨੂੰ ਯਕੀਨੀ ਬਣਾਉਣ ਲਈ
ਸਿਰਤੋੜ ਯਤਨ ਕਰ ਰਹੀ ਹੈ, ਉਥੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਦਫਤਰਾਂ ਵਿਚ ਛਾਪੇ ਮਾਰ ਕੇ
ਕਰਮਚਾਰੀਆਂ ਦੀਆਂ ਫਰਲੋ ਤੇ ਲੇਟ-ਲਤੀਫੀ ਨੂੰ ਬੰਦ ਕਰਨ ਲਈ ਕੋਸ਼ਿਸ਼ ਕਰ ਰਹੇ ਹਨ। ਪਰ
ਸਰਕਾਰ ਦੇ ਹੁਕਮਾਂ ਦੀ ਨਗਰ ਪੰਚਾਇਤ ਭਿੱਖੀਵਿੰਡ ਦੇ ਕਾਰਜ ਸਾਧਕ ਅਫਸਰ ਸਮੇਤ ਅਧਿਕਾਰੀ
ਕਿੰਨੀ ਕੁ ਤਨਦੇਹੀ ਨਾਲ ਪਾਲਣਾ ਕਰ ਰਹੇ ਹਨ, ਜਿਸ ਦੀ ਪ੍ਰਤੱਖ ਮਿਸਾਲ ਅੱਜ ਸ਼ਾਮ 4 ਵਜੇ
ਦੇ ਕਰੀਬ ਨਗਰ ਪੰਚਾਇਤ ਦਫਤਰ ਭਿੱਖੀਵਿੰਡ ਵਿਖੇ ਵੇਖਣ ਨੂੰ ਮਿਲੀ, ਜਦੋਂ ਪੱਤਰਕਾਰਾਂ
ਦੀ ਟੀਮ ਵੱਲੋਂ ਅਚਾਨਕ ਦਫਤਰ ਦਾ ਦੌਰਾ ਕੀਤਾ ਤਾਂ ਕਾਰਜ ਸਾਧਕ ਅਫਸਰ ਸਮੇਤ ਅੱਠ
ਮੁਲਾਜਮ ਗੈਰ ਹਾਜਰ ਸਨ ਤੇ ਦਫਤਰ ਵਿਖੇ ਸਿਰਫ ਇਕ ਰੈਗੂਲਰ ਮੁਲਾਜਮ ਮਨਜੀਤ ਸਿੰਘ ਤੋਂ
ਇਲਾਵਾ ਦੋ ਔਰਤਾਂ ਹੀ ਹਾਜਰ ਸਨ, ਜੋ ਪਿਛਲੇ ਕਈ ਮਹੀਨਿਆਂ ਤੋਂ ਦਫਤਰ ਵਿਖੇ ਰੋਜਾਨਾਂ
ਹਾਜਰੀ ਭਰ ਰਹੀਆਂ ਹਨ। ਦੱਸਣਯੋਗ ਹੈ ਕਿ ਕਾਰਜ ਸਾਧਕ ਅਫਸਰ ਦੇ ਕਮਰੇ ਨੂੰ ਤਾਲਾ ਲੱਗਾ
ਹੋਇਆ ਸੀ, ਉਥੇ ਪ੍ਰਧਾਨ ਦੀ ਖਾਲੀ ਪਈ ਕੁਰਸੀ ਵੀ ਭਾਂਅ-ਭਾਂਅ ਕਰ ਰਹੀ ਸੀ, ਜਦੋਂ ਕਿ
ਨਗਰ ਪੰਚਾਇਤ ਭਿੱਖੀਵਿੰਡ ਦੇ ਕਾਰਜ ਸਾਧਕ ਅਫਸਰ ਜਗਤਾਰ ਸਿੰਘ, ਅਕਾਂਊਟੈਂਟ ਸੰਜੀਵ
ਕੁਮਾਰ ਸ਼ਰਮਾ, ਸੈਨਟਰੀ ਇੰਸਪੈਕਟਰ ਦੁੱਲਾ ਸਿੰਘ, ਕਲਰਕ ਸੁਖਪਾਲ ਸਿੰਘ, ਕਲਰਕ ਮਹਿੰਦਰ
ਸਿੰਘ, ਕਲਰਕ ਸ਼ਿੰਦਰਜੀਤ ਸਿੰਘ, ਐਸੳ ਗੁਰਿੰਦਰ ਸਿੰਘ, ਏਐਮਈ ਅਨਿਲ ਕੁਮਾਰ ਗੈਰ ਹਾਜਰ
ਸਨ। ਦਫਤਰ ਵਿਚ ਮੌਜੂਦ ਕਲਰਕ ਮਨਜੀਤ ਸਿੰਘ ਨੂੰ ਗੈਰ ਹਾਜਰ ਮੁਲਾਜਮਾਂ ਸੰਬੰਧੀ ਪੁੱਛੇ
ਜਾਣ ‘ਤੇ ਉਹਨਾਂ ਨੇ ਮਹਿੰਦਰ ਸਿੰਘ ਤੇ ਸੁਖਪਾਲ ਸਿੰਘ ਵੱਲੋਂ ਲਈ ਗਈ ਛੁੱਟੀ ਦੀਆਂ
ਅਰਜੀਆਂ ਵਿਖਾਈਆਂ ਤੇ ਦੂਸਰੇ ਮੁਲਾਜਮਾਂ ਦੇ ਵੱਖ-ਵੱਖ ਕੰਮਾਂ ‘ਤੇ ਜਾਣ ਬਾਰੇ ਵੀ ਸਫਾਈ
ਪੇਸ਼ ਕੀਤੀ।
ਇਸ ਸੰਬੰਧੀ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਕਰਨੇਸ਼ ਸ਼ਰਮਾ ਨਾਲ ਟੈਲੀਫੋਨ ‘ਤੇ
ਰਾਬਤਾ ਕੀਤਾ ਤਾਂ ਸੰਪਰਕ ਨਹੀ ਹੋ ਸਕਿਆ। ਜਦੋਂ ਕਿ ਡਿਪਟੀ ਡਾਇਰੈਕਟਰ ਅੰਮ੍ਰਿਤਸਰ
ਸੋਰਵ ਅਰੋੜਾ ਨੂੰ ਪੁੱਛਿਆ ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਮੈਂ
ਡੀਸੀ ਸਾਹਿਬ ਨਾਲ ਮੀਟਿੰਗ ਵਿਚ ਹਾਂ ਤੇ ਮੈਨੂੰ ਦੋ ਘੰਟੇ ਵੀ ਮੀਟਿੰਗ ਵਿਚ ਲੱਗ ਸਕਦੇ
ਹਨ।
ਚੋਣ ਡਿਊਟੀ ਹੋਣ ਕਾਰਨ ਮੇਰਾ ਸੀਡਊਲ ਬਿਜੀ – ਕਾਰਜ ਸਾਧਕ ਅਫਸਰ
ਗੈਰ ਹਾਜਰ ਮੁਲਾਜਮਾਂ ਸੰਬੰਧੀ ਜਦੋਂ ਕਾਰਜ ਸਾਧਕ ਅਫਸਰ ਭਿੱਖੀਵਿੰਡ ਜਗਤਾਰ ਸਿੰਘ ਨਾਲ
ਰਾਬਤਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਡਿਊਟੀ ਲੱਗੀ
ਹੋਣ ਕਾਰਨ ਮੇਰਾ ਸੀਡਊਲ ਬਿਜੀ ਹੈ। ਉਹਨਾਂ ਨੇ ਅਕਾਂਊਟੈਂਟ ਸੰਜੀਵ ਕੁਮਾਰ ਸਮੇਤ ਦੋ
ਮੁਲਾਜਮਾਂ ਸੰਬੰਧੀ ਦਫਤਰੀ ਕੰਮ ਜਾਣ ਬਾਰੇ ਦੱਸਿਆ, ਜਦੋਂ ਕਿ ਬਾਕੀ ਮੁਲਾਜਮਾਂ ਸੰਬੰਧੀ
ਅਗਿਆਨਤਾ ਪ੍ਰਗਟਾਈ।
ਗੈਰ-ਹਾਜਰ ਮੁਲਾਜਮਾਂ ਖਿਲਾਫ ਹੋਵੇ ਸਖਤ ਕਾਰਵਾਈ – ਬੱਬੂ ਸ਼ਰਮਾ
ਕਾਂਗਰਸ ਪਾਰਟੀ ਦੇ ਜਿਲ੍ਹਾ ਮੀਤ ਪ੍ਰਧਾਨ ਬੱਬੂ ਸ਼ਰਮਾ ਨੇ ਆਖਿਆ ਕਿ ਜਦੋਂ ਲੋਕ ਆਪਣੇ
ਕੰਮ ਵਾਸਤੇ ਨਗਰ ਪੰਚਾਇਤ ਦਫਤਰ ਵਿਖੇ ਆਉਦੇ ਹਨ ਤਾਂ ਦਫਤਰ ਵਿਚ ਮੁਲਾਜਮਾਂ ਦੇ ਮੌਜੂਦ
ਨਾ ਹੋਣ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਆਪਣੇ ਕੰਮ
ਵਾਸਤੇ ਦਫਤਰ ਦੇ ਗੇੜੇ ਵੀ ਲਗਾਉਣੇ ਪੈਂਦੇ ਹਨ। ਬੱਬੂ ਸ਼ਰਮਾ ਨੇ ਕੈਬਨਿਟ ਮੰਤਰੀ ਨਵਜੋਤ
ਸਿੰਘ ਸਿੱਧੂ ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੋਂ ਮੰਗ ਕੀਤੀ ਕਿ ਗੈਰ-ਹਾਜਰ
ਮੁਲਾਜਮਾਂ ਖਿਲਾਫ ਸਖਤ ਕਾਰਵਾਈ ਕਰਕੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਇਆ ਜਾਵੇ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.