ਗੈਂਗਸਟਰ ਸੱਭਿਆਚਾਰ ਦੇ ਪਰਦੇ ਪਿੱਛੇ ਦਾ ਸੱਚ

0
252

>> ਪੰਜਾਬ ਦੇ ਭਵਿੱਖ ਨੂੰ ਤਬਾਹੀ ਵੱਲ ਲੈ ਕੇ ਜਾਣ ਦੇ ਅਸਲ ਗੁਨਾਹਗਾਰ ਕੌਣ ?
>> ਇਹ ਗੱਲ ਬਹੁਤ ਬਾਰ ਲਿਖੀ ਜਾ ਚੁੱਕੀ ਹੈ ਕਿ ਪੰਜਾਬ ਅੰਦਰ ਝੂਠੇ ਪੁਲਿਸ ਮੁਕਾਬਲਿਆਂ ਦਾ ਮੁੱਢ ਨਕਸਲਬਾੜੀ ਲਹਿਰ ਨੂੰ ਕੁਚਲਣ ਲਈ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਸ੍ਰ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਬੰਨਿਆਂ ੀ, ਜਦੋ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ। ਫਿਰ 1984 ਦਾ ਦੌਰ ਆਇਆ, ਜਦੋਂ ਭਾਰਤੀ ਫੌਜਾਂ ਨੇ ਸਿੱਖਾਂ ਦੇ ਸਭ ਤੋ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਹਿਬ ਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਹਿਬ ਨੂੰ ਢਹਿ ਢੇਰੀ ਕੀਤਾ ਤੇ ਹਜਾਰਾਂ ਦੀ ਗਿਣਤੀ ਵਿੱਚ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਹੁੰਚੇ ਸ਼ਰਧਾਲੂਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਫੌਜੀ ਹਮਲੇ ਤੋਂ ਬਾਅਦ ਰਿਸਦੇ ਪੰਜਾਬ ਦੇ ਜਖਮਾਂ ਤੇ ਮਰਹਮ  ਲਾਉਣ ਦੇ ਯਤਨ ਕਰਨ ਦੀ ਵਜਾਏ ਹਕੂਮਤਾਂ ਨੇ ਬਜ਼ਟ ਦਾ ਵੱਡਾ ਹਿੱਸਾ ਪੰਜਾਬ ਪੁਲਿਸ ਅਤੇ ਭਾਰਤੀ ਨੀਮ ਫੋਰਸਾਂ ਲਈ ਰਾਖਵਾਂ ਕਰਕੇ ਉਹਨਾਂ ਦੀਆਂ ਡੋਰਾਂ ਖੁੱਲੀਆਂ ਛੱਡੀਆਂ ਗਈਆਂ ਤਾਂ ਕਿ ਸਿੱਖ ਜੁਆਨੀ ਨੂੰ ਚੁਣ ਚੁਣ ਕੇ ਖਤਮ ਕਰਨ ਵਿੱਚ ਕੋਈ ਅੜਚਣ ਪੇਸ ਨਾ ਆਵੇ। 82 ਤੋਂ 92;93 ਤੱਕ ਦਾ ਦਹਾਕਾ ਪੰਜਾਬ ਵਿੱਚ ਘਰ ਘਰ ਬਲਦੇ ਸਿਵਿਆਂ ਦੇ ਭਾਂਬੜਾਂ ਦਾ ਦਹਾਕਾ ਕਿਹਾ ਜਾ ਸਕਦਾ ਹੈ। ਉਸ ਮੌਕੇ ਕੇਂਦਰੀ ਤਾਕਤਾਂ ਨੇ ਬਹੁਤ ਹੁਸਿਆਰੀ ਨਾਲ ਸਿੱਖ ਨੌਜਵਾਨਾਂ ਦੀ ਲਹਿਰ ਦਾ ਮੁੱਖ ਕੇਂਦਰ ਵੱਲੋਂ ਮੋੜ ਕੇ ਪੰਜਾਬ ਪੁਲਿਸ ਵੱਲ ਘੁਮਾ ਦਿੱਤਾ। ਕੇਂਦਰ ਦੀ ਪੰਜਾਬ ਮਾਰੂ ਇਹ ਸਾਜਿਸ਼ ਐਨੀ ਕਾਰਗਰ ਸਾਬਤ ਹੋਈ ਕਿ ਪੰਜਾਬ ਅੰਦਰ ਭਾਈ ਹੱਥੋਂ ਭਾਈ ਮਰਨ ਲੱਗੇ।ਪੰਜਾਬ ਦਾ ਅਣਖੀ ਖੂੰਨ ਗਲੀਆਂ ਬਜਾਰਾਂ ਵਿੱਚ ਬਹਿ ਤੁਰਿਆ।ਪੰਜਾਬ ਦੇ ਜਾਏ ਇੱਕ ਦੂਸਰੇ ਦੇ ਜਾਨੀ ਦੁਸ਼ਮਣ ਬਣ ਗਏ। ਉਦੋ ਇੱਕ ਨੂੰ ਤਾਂ ਰੱਬ ਤੋਂ ਵੀ ਵੱਧ ਮਿਲੇ ਅਧਿਕਾਰਾਂ ਵਾਲੀ ਬਰਦੀ ਦਾ ਗਰੂਰ ਸੀ ਤੇ ਦੂਸਰੇ ਦੇ ਦਿਮਾਗ ਵਿੱਚ ਸ੍ਰੀ ਅਕਾਲ ਤਖਤ ਸਹਿਬ ਨੂੰ ਢਹਿ ਢੇਰੀ ਕਰਨ ਦਾ ਗੱੁਸਾ, ਪਰ ਇਹ ਗੱਲ ਉਹ ਦੋਨੋ ਹੀ ਭੁੱਲ ਬੈਠੇ ਕਿ ਅਸੀਂ ਅਜਿਹਾ ਕਰਕੇ ਕੇਂਦਰੀ ਤਾਕਤਾਂ ਨੂੰ ਲਾਭ ਪਹੁੰਚਾਉਣ ਤੋ ਸ਼ਿਵਾਏ ਜੇ ਕੁੱਝ ਹਾਸਲ ਕਰ ਰਹੇ ਹਾਂ, ਉਹ ਹੈ ਅਪਣੀਆਂ ਹੀ ਕੁਲਾਂ ਦਾ ਸਰਬ ਨਾਸ਼। ਸੋ ਇਸਤਰਾ ਕਰਕੇ ਕੇਂਦਰ ਨੇ ਪੰਜਾਬ ਦੇ ਆਗੂਆਂ ਨੂੰ ਮੋਹਰੇ ਬਣਾ ਕੇ ਪੰਜਾਬ ਦੀ ਜੁਆਨੀ ਦਾ ਘਾਣ ਕੀਤਾ। ਫਿਰ ਦੌਰ ਚੱਲਿਆ ਨਸ਼ਿਆਂ ਦਾ। ਇਹ ਦੌਰ ਭਾਵੇਂ ਇੱਕ ਦਮ ਨਹੀ ਚੱਲਿਆ, ਇਸ ਨੂੰ ਬਹੁਤ ਹੀ ਯੋਜਨਾਵੱਧ ਢੰਗ ਨਾਲ ਪੰਜਾਬ ਚ ਉਤਾਰਿਆ ਗਿਆ, ਪਰੰਤੂ ਬਿਨਾ ਸ਼ੱਕ ਇਹ ਨਸ਼ਿਆਂ ਦਾ ਕਾਲਾ ਧੰਦਾ ਪੰਜਾਬ ਦੀ ਤਤਕਾਲੀ ਸਰੋਮਣੀ ਅਕਾਲੀ ਦਲ ਦੀ ਬਾਦਲ ਸਰਕਾਰ ਮੌਕੇ ਸ਼ਿਖਰਾਂ ਸ਼ੂਹ ਗਿਆ। ਪੂਰੇ ਸੰਸਾਰ ਪੱਧਰ ਤੇ ਰੌਲਾ ਪੈਣ ਦੇ ਬਾਵਜੂਦ ਵੀ ਪੰਜਾਬ ਚੋਂ ਨਸ਼ੇ ਦੇ ਧੰਦੇ ਖਤਮ ਨਹੀ ਹੋਏ, ਬਲਕਿ ਨਿਰਵਿਘਨ ਚਲਦੇ ਰਹੇ ਹਨ, ਤੇ ਅੱਜ ਵੀ ਬੇਰੋਕ ਚੱਲ ਰਹੇ ਹਨ। ਨਸ਼ਿਆਂ ਦੇ ਨਾਲ ਨਾਲ ਹੀ ਪੰਜਾਬ ਦੀ ਜੁਆਨੀ ਨੂੰ ਇੱਕ ਹੋਰ ਬਰਬਾਦੀ ਵੱਲ ਧੱਕਣ ਲਈ ਪੰਜਾਬ ਅੰਦਰ ਗੈਗਸਟਰ ਕਲਚਰ ਦੀ ਸ਼ੁਰੂਆਤ ਵੀ ਨਸ਼ਿਆਂ ਦੇ ਦੌਰ ਦੇ ਨਾਲ ਨਾਲ ਹੀ ਕੀਤੀ ਗਈ। ਇਹ ਸੱਭਿਆਚਾਰ ਨੂੰ ਸਿਆਸਤ ਦੀ ਗੰਦੀ ਉਪਜ ਕਿਹਾ ਜਾ ਸਕਦਾ ਹੈ। ਇਸ ਸੱਭਿਆਚਾਰ ਨੂੰ ਉਤਸਾਹਿਤ ਕਰਨ ਲਈ ਪੰਜਾਬੀ ਗਾਇਕੀ ਦਾ ਸਹਾਰਾ ਲਿਆ ਗਿਆ। ਸਰਕਾਰੀ ਸਰਪ੍ਰਸਤੀ ਹੇਠ ਪਾਲ਼ੇ ਜਾ ਰਹੇ ਇਸ ਸੱਭਿਆਚਾਰ ਦਾ ਮੁੱਖ ਮੰਤਵ ਅਸਲ ਵਿੱਚ ਪੰਜਾਬ ਦੀ ਜੁਆਨੀ ਦੀ ਨਸਲਕੁਸ਼ੀ ਲਈ ਜਮੀਨ ਤਿਆਰ ਕਰਨਾ ਹੀ ਸੀ, ਜਿਸ ਨੂੰ ਸਿਆਸਤਦਾਨ ਅਪਣੇ ਮੰਤਵ ਲਈ ਵਰਤਦੇ ਰਹੇ ਤੇ ਵਰਤਕੇ ਪਰਾਂਹ ਸੁੱਟਦੇ ਵੀ ਰਹੇ। ਇਹ ਇੱਕ ਬਹੁਤ ਗਹਿਰੀ ਸਾਜ਼ਿਸ਼ ਹੈ ਜਿਸ ਨੂੰ ਸਮਝਣ ਦੀ ਬੇਹੱਦ ਲੋੜ ਹੈ ਕਿ ਅਕਸਰ ਇਹ ਗੈਗਸਟਰ ਸੱਭਿਆਚਾਰ ਪਿਛਲੇ ਕੁੱਝ ਸਾਲਾਂ ਵਿੱਚ ਐਨਾ ਤਾਕਤਵਰ ਕਿਵੇਂ ਹੋ ਗਿਆ। ਕਿਉ ਸਿਆਸੀ ਲੋਕ ਉਹਨਾਂ ਦੀ ਪੁਸਤਪਨਾਹੀ ਕਰਦੇ ਰਹੇ? ਕਿਉ ਪੰਜਾਬ ਦੀ ਪੁਲਿਸ ਇਹਨਾਂ ਦੇ ਸਮਾਜ ਵਿਰੋਧੀ ਕਾਰਨਾਮਿਆਂ ਨੂੰ ਨਜਰਅੰਦਾਜ਼ ਕਰਦੀ ਰਹੀ? ਇਹਦਾ ਸਿੱਧਾ ਤੇ ਸਪੱਸਟ ਜਵਾਬ ਹੈ ਕਿ ਉਦੋ ਪੰਜਾਬੀ ਜੁਆਨੀ ਦੀ ਬਰਬਾਦੀ ਲਈ ਜਮੀਨ ਪੂਰੀ ਤਰਾਂ ਤਿਆਰ ਨਹੀ ਸੀ ਹੋਈ, ਇਸ ਲਈ ਇਹਨਾਂ ਦੀਆਂ ਲਗਾਮਾਂ ਨੂੰ ਖੁੱਲਿਆਂ ਛੱਡਿਆ ਗਿਆ। ਚੋਣਾਂ ਦੌਰਾਨ ਇਹਨਾਂ ਦੀ ਤਾਕਤ ਦੀ ਦੁਰ ਵਰਤੋਂ ਤੋ ਕੋਈ ਅਣਜਾਣ ਨਹੀ, ਕਿ ਕਿਵੇ ਸਮੇ ਸਮੇ ਤੇ ਸਿਆਸੀ ਆਗੂ ਇਹਨਾ ਨੌਜਵਾਨਾਂ ਨੂੰ ਬੂਥਾਂ ਤੇ ਕਬਜੇ ਕਰਨ ਲਈ ਵਰਤਦੇ ਰਹੇ ਹਨ। ਇਹ ਵੀ ਸੱਚ ਹੈ ਕਿ ਇਹਨਾਂ ਫੋਕੀ ਸ਼ੋਹਰਤ ਪਿੱਛੇ ਗੁਮਰਾਹ ਹੋਏ ਨੌਜਵਾਨਾਂ ਨੂੰ ਪੰਜਾਬ ਦੀਆਂ ਦੋਨੋਂ ਹੀ ਪਰਮੁੱਖ ਰਾਜਨੀਤਕ ਪਾਰਟੀਆਂ ਅਪਣੇ ਅਪਣੇ ਮਨੋਰਥ ਲਈ ਵਰਤਦੀਆਂ ਰਹੀਆਂ ਹਨ। ਕਿਸੇ ਵਿਚਾਰਧਾਰਾ ਜਾਂ ਸਿਧਾਂਤ ਤੋ ਅਸਲੋਂ ਹੀ ਕੋਰੇ ਇਹ ਨੌਜਵਾਨ ਜੇਹਲਾਂ ਅੰਦਰ ਬੈਠੇ ਵੀ ਸ਼ੋਸ਼ਲ ਮੀਡੀਏ ਦੇ ਜਰੀਏ ਅਪਣਾ ਨੈਟਵਰਕ ਬੇਝਿਜਕ ਤੇ ਸਫਲਤਾ ਨਾਲ ਚਲਾਉਦੇ ਰਹੇ ਹਨ ਤੇ ਅੱਜ ਵੀ ਚਲਾ ਰਹੇ ਹਨ, ਇਸ ਦੀ ਖਬਰ ਉਪਰ ਤੱਕ ਹੋਣ ਦੇ ਬਾਵਜੂਦ ਵੀ ਸਬੰਧਤ ਨੌਜਵਾਨਾਂ ਤੇ ਪਰਚਾ ਦਰਜ ਕਰਨ ਤੋ ਸ਼ਿਵਾਏ ਕਦੇ ਕਿਸੇ ਜੇਹਲ ਅਧਿਕਾਰੀ ਤੇ ਕੋਈ ਕਾਰਵਾਈ ਦੀ ਖਬਰ ਨਹੀ ਸੁਣੀ ਗਈ। ਉਹ ਕਿਹੜੀਆਂ ਤਾਕਤਾਂ ਹਨ ਜੋ ਜੇਲ੍ਹਾਂ ਅੰਦਰ ਬੈਠੇ ਨੌਜਵਾਨਾਂ ਨੂੰ ਸੁਧਰਨ ਦੇ ਨਹੀ ਸਗੋ ਹੋਰ ਬਿਗਾੜਨ ਦੇ ਮੌਕੇ ਪਰਦਾਨ ਕਰ ਰਹੀਆਂ ਹਨ, ਤਾਂ ਇਸ ਦਾ ਜਵਾਬ ਬਹੁਤ ਸੁਖਾਲਾ ਅਪਣੇ ਆਪ ਮਿਲ ਜਾਵੇਗਾ ਜਦੋ ਹਰ ਕੋਈ ਅਪਣੇ ਅਪਣੇ ਇਲਾਕੇ ਅੰਦਰ ਗੈਂਗਵਾਰ ਦੀਆਂ ਵਾਰਦਾਤਾਂ ਤੇ ਸਰਸਰੀ ਝਾਤ ਮਾਰੇਗਾ, ਕਿ ਕਿਸਤਰਾ ਇਲਾਕੇ ਦੇ ਵੱਖੋ ਵੱਖ ਸਿਆਸੀ ਚੌਧਰੀ ਵੱਖੋ ਵੱਖਰੇ ਧੜਿਆਂ ਦੀ ਸ਼ਰੇਆਮ ਮਦਦ ਤੇ ਆਉਂਦੇ ਹਨ ਤੇ ਸਬੰਧਤ ਅਫਸਰਾਂ ਨੂੰ ਉਹਨਾਂ ਦੇ ਹੱਕ ਚ ਭੁਗਤਣ ਦੇ ਹੁਕਮ ਸੁਣਾਉਦੇ ਹਨ ਤੇ ਹੁਕਮਾਂ ਦੀ ਪਾਲਣਾ ਕਰਨ ਦੀ ਤਾੜਨਾ ਕਰਦੇ ਹਨ।ਸਰਕਾਰੀ ਅੰਕੜਿਆਂ ਮੁਤਾਬਿਕ ਪੰਜਾਬ ਚ ਚੱਲ ਰਹੇ ਇਹਨਾਂ ਗੈਗਾਂ ਦੀ ਗਿਣਤੀ 54 ਦੱਸੀ ਗਈ ਹੈ, ਜਾ ਕਹਿ ਸਕਦੇ ਹਾਂ ਕਿ ਸਰਕਾਰ ਦੁਆਰਾ ਮਾਨਤਾ ਪਰਾਪਤ ਧੜਿਆਂ ਦੀ ਗਿਣਤੀ 54 ਤੋਂ ਟੱਪ ਗਈ ਹੈ।ਇਥੇ ਫਿਰ ਸਵਾਲ ਉੱਠਦਾ ਹੈ ਕਿ ਇਹਨਾਂ ਮਾਰਧਾੜ ਵਾਲੇ ਗਰੁੱਪਾਂ ਦੀ ਐਨੀ ਵੱਡੀ ਗਿਣਤੀ ਹੋਣ ਦੇਣ ਪਿੱਛੇ ਦੇ ਕਾਰਨ ਕੀ ਹਨ? ਇਹ ਦਾ ਜਵਾਬ ਵੀ ਸਾਫ ਹੈ ਕਿ ਜਿੰਨੀ ਦੇਰ ਇਸ ਵਰਤਾਰੇ ਨੂੰ ਸ਼ਿਖਰ ਤੇ ਨਹੀ ਪਹੁੰਚਾਇਆ ਜਾਂਦਾ ਓਨੀ ਦੇਰ ਖੁੱਲ ਕੇ ਪੰਜਾਬੀ ਨੌਜੁਆਨੀ ਦਾ ਘਾਣ ਨਹੀ ਸੀ ਕੀਤਾ ਜਾ ਸਕਦਾ। ਭਾਂਵੇ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ, ਪਰ ਇਹ ਮੁਕਾਬਲੇ ਸ੍ਰ ਬਾਦਲ ਤੋ ਬਾਅਦ ਬਣਨ ਵਾਲੀਆਂ ਸਾਰੀਆਂ ਹੀ ਸੂਬਾ ਸਰਕਾਰਾਂ ਕਰਦੀਆਂ ਰਹੀਆਂ ਹਨ। ਅੱਜ ਜਦੋ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਤੇ ਕੇਂਦਰ ਵਿੱਚ ਕਾਂਗਰਸ਼ ਦੀ ਮੁੱਖ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਦੀ ਕੱਟੜਵਾਦੀ ਸਰਕਾਰ ਹੈ ਤਾਂ ਵੀ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਲਗਾਤਾਰ ਹੋ ਰਹੇ ਹਨ ਤੇ ਇਸ ਕਾਰਜ ਵਿੱਚ ਕੇਂਦਰ ਦੀ ਵਿਰੋਧੀ ਧਿਰ ਵਾਲੀ ਸਰਕਾਰ ਦਾ ਥਾਪੜਾ ਵੀ ਕੈਪਟਨ ਦੀ ਪਿੱਠ ਤੇ ਹੈ। ਹੁਣ ਜਦੋ ਸੂਬਾ ਸਰਕਾਰ ਚਾਰਚੁਫੇਰੇ ਤੋ ਬੁਰੀ ਤਰਾਂ ਘਿਰੀ ਹੋਈ ਹੈ, ਉਹਨਾਂ ਵੱਲੋਂ ਕਿਸਾਨਾਂ ਦੇ ਕਰਜਿਆਂ ਦੀ ਮੁਆਫੀ ਦਾ ਚੋਣਾ ਦੌਰਾਨ ਕੀਤਾ ਵਾਅਦਾ ਗਲੇ ਦੀ ਹੱਡੀ ਬਣ ਗਿਆ ਹੈ।ਕਿਸਾਨਾਂ ਨੂੰ ਦਿੱਤੀ ਜਾਂਦੀ ਮੁਫਤ ਬਿਜਲੀ ਦੀ ਸਹੂਲਤ ਖੋਹਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ, ਜਿਸ ਕਰਕੇ ਕਿਸਾਨ ਜਥੇਬੰਦੀਆਂ ਸਰਕਾਰ ਨੂੰ ਘੇਰੀ ਖੜੀਆਂ ਹਨ। ਗੱਲ ਕੀ ਸਰਕਾਰ ਅਪਣੇ ਕੀਤੇ ਵਾਅਦਿਆਂ ਨੂੰ ਨਿਭਾਉਣ ਵਿੱਚ ਅਸਮਰੱਥ ਹੋ ਚੁੱਕੀ ਹੈ। ਇੱਥੇ ਹੀ ਬੱਸ ਨਹੀ, ਸਰਕਾਰ ਅੰਦਰ ਵੀ ਸਭ ਅੱਛਾ ਨਹੀ ਹੈ, ਹਾਲੇ ਕੁੱਝ ਦਿਨ ਪਹਿਲਾਂ ਦੀ ਗੱਲ ਹੈ ਜਦੋ ਨਗਰ ਨਿਗਮਾਂ ਦੇ ਮੇਅਰਾਂ ਦੀ ਨਿਯੁਕਤੀ ਨੂ ਲੈ ਕੇ ਨਵਜੋਤ ਸਿੱਧੂ ਨੇ ਪਰੈਸ ਕਾਨਫਰੰਸ ਕਰਕੇ ਅਪਣਾ ਗੁੱਸਾ ਜਨਤਕ ਕੀਤਾ ਹੈ ਤੇ ਉਹਦੇ ਵਿਰੋਧ ਵਿੱਚ ਮੁੱਖ ਮੰਤਰੀ ਨੂੰ ਵੀ ਅਪਣੀ ਆਦਤ ਅਨੁਸਾਰ ਸਖਤ ਭਾਸ਼ਾ ਵਰਤਦੇ ਸੁਣਿਆ ਗਿਆ ਹੈ, ਸੋ ਅਜਿਹੇ ਕਿੰਨੇ ਹੀ ਗੰਭੀਰ ਮੁੱਦੇ ਹਨ ਜਿੰਨਾਂ ਤੋ ਸਰਕਾਰ ਲੋਕਾਂ ਦਾ ਧਿਆਨ ਹਟਾ ਕੇ ਗੈਗਸਟਰਾਂ ਵੱਲ ਕਰਨ ਦਾ ਯਤਨ ਕਰ ਰਹੀ ਹੈ। ਪਿਛਲੇ ਸਾਲ ਅਕਾਲੀ ਦਲ ਦੀ ਸਰਕਾਰ ਮੌਕੇ ਜੇਲ੍ਹ ਤੋ ਫਰਾਰ ਹੋਏ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਅਤੇ ਉਹਦੇ ਇੱਕ ਹੋਰ ਸਾਥੀ ਦਾ ਬਣਾਇਆ ਗਿਆ ਪੁਲਿਸ ਮੁਕਾਬਲਾ ਭਾਵੇਂ ਸਰਕਾਰ ਦੀ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋ ਹਟਾਉਣ ਦੀ ਚਾਲ ਹੋਵੇ ਜਾਂ ਕਨੂੰਨ ਵਿਵੱਸਥਾ ਦੀ ਝੂਠੀ ਰਾਮ ਦੁਹਾਈ, ਪਰ ਅਸਲ ਗੱਲ ਤਾਂ ਇਹ ਹੈ ਕਿ ਪੰਜਾਬੀ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਨਾਉਣ ਵਾਲ, ਚੋਰ ਦੀ ਮਾਂ ਤੱਕ ਪਹੁੰਚਣ ਤੋ ਕਿਉ ਝਿਜਕਦੇ ਹਨ? ਕਿਉ ਨਹੀ ਉਹ ਸਿਸਟਮ ਨੂੰ ਕਾਬੂ ਵਿੱਚ ਕੀਤਾ ਜਾਂਦਾ ਜਿਹੜਾ ਇਹਨਾਂ ਪਰਤਿਭਾਸ਼ਾਲੀ ਨੌਜਵਾਨਾਂ ਨੂੰ ਗਲਤ ਰਾਸਤੇ ਤੇ ਤੋਰਨ ਦਾ ਜੁੰਮੇਵਾਰ ਹੈ? ਕਿਉ ਆਏ ਦਿਨ ਕਿਸੇ ਨਾ ਕਿਸੇ ਘਰ ਦਾ ਚਿਰਾਗ ਬਹਾਨੇ ਲੈ ਲੈ ਕੇ ਬੁਝਾਇਆ ਜਾ ਰਿਹਾ ਹੈ? ਪੰਜਾਬ ਦੇ ਮੁੱਖ ਮੰਤਰੀ ਦਾ ਪੁਲਿਸ ਦੀ ਅਜਿਹੀ ਗੈਰ ਕਨੂੰਨੀ ਕਾਰਵਾਈ ਤੇ ਪੁਲਿਸ ਮੁਖੀ ਨੂੰ ਵਧਾਈ ਦੇਣ ਤੋ ਇਹ ਸਪੱਸਟ ਸੰਕੇਤ ਮਿਲਦਾ ਹੈ ਕਿ ਪੰਜਾਬੀ ਨੌਜਵਾਨਾਂ ਨੂੰ  ਚੁਣ ਚੁਣ ਕੇ ਖਤਮ ਕਰਨ ਦਾ ਇੱਕ ਦੌਰ ਮੁੜ ਸ਼ੁਰੂ ਹੋ ਰਿਹਾ ਹੈ ਜਿਸ ਦਾ ਸੁਨੇਹਾ ਕੱਲ ਓਸ ਮੌਕੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਗਿਆ ਹੈ, ਜਦੋ ਪੂਰਾ ਦੇਸ਼ ਗਣਤੰਤਰਤਾ ਦੇ ਜਸ਼ਨਾਂ ਵਿੱਚ ਰੁੱਝਿਆ ਹੋਇਆ ਸੀ, ਓਸ ਸਵਿਧਾਂਨ ਦੀ ਜੈ ਜੈ ਕਾਰ ਕਰਨ ਲੱਗਾ ਹੋਇਆ ਸੀ ਜਿਸ ਅੰਦਰ ਸਭ ਨੂੰ ਬਰਾਬਰ ਅਧਿਕਾਰਾਂ ਨਾਲ ਜਿਉਣ ਦਾ ਹੱਕ ਦੇਣ ਦੀ ਗੱਲ ਦੇਸ਼ ਦੇ ਲੋਕਾਂ ਨੂੰ ਹੁਣ ਤੱਕ ਪੜਾਈ ਤੇ ਦ੍ਰਿੜ ਕਰਵਾਈ ਗਈ ਹੈ। ਅਜਿਹੇ ਮੌਕੇ ਪੰਜਾਬ ਅੰਦਰ ਵਾਪਰਿਆ ਇਹ ਅਣਮਨੁੱਖੀ ਸਰਕਾਰੀ ਦਹਿਸਤਗਰਦੀ ਵਾਲਾ ਵਰਤਾਰਾ ਜਿੱਥੇ ਸਮੁੱਚੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ, ਓਥੇ ਸਰਕਾਰਾਂ ਤੋ ਆਸ ਛੱਡ ਕੇ ਉਹਨਾਂ ਲੋਕਾਂ ਨੂੰ ਨੰਗਿਆਂ ਕਰਨ ਲਈ ਇੱਕਜੁੱਟ ਹੋਣ ਦੀ ਤਕੀਦ ਵੀ ਕਰਦਾ ਹੈ ਜਿਹੜੇ ਲੁਕਵੇਂ ਰੂਪ ਵਿੱਚ ਅਪਣੇ ਸੌੜੇ ਸਿਆਸੀ ਮੰਤਵਾਂ ਖਾਤਰ ਪੰਜਾਬ ਦੇ ਭਵਿੱਖ ਨੂੰ ਤਬਾਹੀ ਵੱਲ ਲੈ ਕੇ ਜਾਣ ਦੇ ਅਸਲ ਗੁਨਾਹਗਾਰ ਹਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.