ਆਹ! ਸਾਬਰਕੋਟੀ ਤੇਰਾ ਅਜੇ ਜਾਣ ਸਮਾਂ ਨਹੀਂ ਸੀ

0
317

ਸਾਬਰਕੋਟੀ ਪੰਜਾਬੀ ਗਾਇਕੀ ਦੇ ਅੰਬਰ ਸਿਤਾਰਿਆਂ ਚੋਂ ਇੱਕ ਸੀ।ਉਸਦੀ ਆਵਾਜ਼ ਵਿੱਚ ਇੱਕ ਕਸ਼ਿਸ਼
ਸੀ,ਮਿਠਾਸ ਸੀ,ਦਿਲ ਨੂੰ ਟੁੰਬਣ ਵਾਲੀ ਸੀ ਅਤੇ ਰੂਹ ਦੇ ਧੁਰ ਅੰਦਰ ਤੱਕ ਖੁਭ ਜਾਣ ਵਾਲੀ
ਸੀ।ਉਹ ਅਜੋਕੀ ਸ਼ੋਰ-ਸ਼ਰਾਬੇ, ਭੜਕ ਧੜਕ ,ਅਸਮਾਜਿਕ ਅਤੇ ਅਸੱਭਿਅਕ  ਗਾਇਕੀ ਤੋਂ ਕੋਹਾਂ ਮੀਲਾਂ
ਦੂਰ ਸੀ।ਉਹ ਸਹਿਜਤਾ ਅਤੇ ਮੜਕ ਨਾਲ ਚੱਲਣ ਵਾਲਾ ਗਾਇਕ ਸੀ।ਇੱਕ ਸੰਗੀਤਿਕ ਪਿਛੋਕੜ ਵਾਲੇ
ਸਾਧਾਰਨ ਪਰਿਵਾਰ ਚ ਪਿਤਾ ਅਮਰ ਨਾਥ ਦੇ ਵਿਹੜੇ ਜੰਮਿਆ ਪਲਿਆ ਸਾਬਰਕੋਟੀ ਯਕਦਮ ਗਾਇਕ ਨਹੀਂ
ਬਣਿਆ, ਇਸ ਪਿੱਛੇ ਉਸਦੀ ਬੇਹੱਦ ਸਖਤ ਘਾਲਣਾ ਅਤੇ ਮਿਹਨਤ ਸੀ।ਉਸਦੇ ਪਿਤਾ ਜੀ ਸੂਫੀ ਗਾਇਕ
ਸਨ।ਸੋ ਪਰਿਵਾਰ ਦੇ ਸੰਗੀਤਕ ਮਾਹੌਲ ਦਾ ਸਹਿਜੇ ਹੀ ਉਸਤੇ ਅਸਰ ਹੋਣਾ ਲਾਜਮੀ ਸੀ।ਗਾਇਕੀ ਦੇ
ਗੁਰ ਉਸਨੇ ਪਦਮਸ੍ਰੀ ਹੰਸ ਰਾਜ ਹੰਸ ਜੀ ਤੋਂ ਸਿੱਖੇ।ਸੰਗੀਤ ਦੀਆਂ ਬਾਰੀਕੀਆਂ ਨੂੰ ਜਾਣਨ ਲਈ
ਮਹਾਨ ਸੰਗੀਤਕਾਰ  ਸਵਰਗੀ ਜਸਵੰਤ ਭੰਵਰਾ ਜੀ ਦੇ ਲੜ ਲੱਗ ਗਿਆ ਸੀ।ਆਵਾਜ਼ ਵਿੱਚ ਸਹਿਜਤਾ
,ਪਰਪੱਕਤਾ, ਗਰੂੜਤਾ ਲਿਆਉਣ ਲਈ ਦਿਨ ਰਾਤ ਰਿਆਜ ਦਾ ਪੱਲਾ ਫੜੀਂ ਰੱਖਿਆ।ਉਹਨਾਂ 1995 ਤੋਂ
ਪੱਕੇ ਪੈਰੀਂ ਹੋਕੇ ਕਲਾ ਇਸ ਤਿਲਕਣੇ ਪਿੜ ਵਿੱਚ ਕਦਮ ਰੱਖਿਆ ਸੀ,ਜੋ ਕਦੇ ਨਹੀਂ ਤਿਲਕਿਆ,ਬਲਕਿ
ਹਰ ਕਦਮ ਪੂਰੀ ਜਕੜ ਮਜਬੂਤ ਕਰਦਾ ਗਿਆ।ਉਸਦੇ ਗਾਏ ਗੀਤ “ਤਾਰਾ ਅੰਬਰਾਂ ਤੇ ਕੋਈ ਕੋਈ ਆ”,
“ਹੰਝੂ”,”ਉਹ ਮੌਸਮ ਵਾਗੂੰ ਬਦਲ ਗਏ,ਅਸੀਂ ਰੁੱਖਾਂ ਵਾਂਗੂੰ ਖੜੇ ਰਹੇ”,”ਵੇ ਸੋਨੇ ਦਿਆ ਕੰਗਨਾ
ਸੌਦਾ ਇੱਕੋ ਜਿਹਾ”,”ਤੈਨੂੰ ਕੀ ਦੱਸੀਏ”,”ਤੇਰਾ ਪੀਂਘ ਚੜਾਉਂਦੀ ਦਾ” ਆਦਿ ਗੀਤ ਲੋਕ ਦਿਲਾਂ
ਦੀ ਰੂਹ ਦੀ ਖੁਰਾਕ ਬਣੇ ਹੋਏ ਹਨ।ਉਹਨਾਂ ਦੇ ਇੱਕ ਗੀਤ
” ਸਾਉਣ ਦਾ ਮਹੀਨਾ ਹੋਵੇ, ਪੈਂਦੀ ਬਰਸਾਤ ਹੋਵੇ, ਸੱਜਣਾਂ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ
ਹੋਵੇ” ਨੇ ਦੇਸ਼ ਵਿਦੇਸ਼ ਵਿੱਚ ਬੁਲੰਦੀਆਂ ਦੇ ਝੰਡੇ ਗੱਡੇ ਸਨ,ਜੋ ਉਹਨਾਂ ਦੀ ਜ਼ਿੰਦਗੀ ਚ ਮੀਲ
ਪੱਥਰ ਸਾਬਿਤ ਹੋਇਆ।
ਉਹਨਾਂ ਪੰਜਾਬੀ ਫਿਲਮਾਂ ਵਿੱਚ ਵੀ ਪਿੱਠਵਰਤੀ ਗਾਇਕ ਵਜੋਂ ਗੀਤ ਗਾਕੇ ਨਾਮਣਾ ਖੱਟਿਆ। ਉਹ
ਆਪਣੀ ਜੀਵਣ ਸਾਥਣ ਰੀਟਾ ਅਤੇ ਬੱਚਿਆਂ ਨਾਲ ਜਲੰਧਰ ਰਹੇ ਰਹੇ ਸਨ। ਉਹ ਪਿਛਲੇ ਕੁਝ ਸਮੇਂ ਤੋਂ
ਬਿਮਾਰ ਸਨ।ਉਸਦੇ ਚਾਹੰਣ ਵਾਲਿਆਂ ਦੀਆਂ ਦੁਆਵਾਂ ਸਦਕਾ ਉਹ ਮੌਤ ਨਾਲ ਲੜਦਾ ਰਿਹਾ।ਅੰਤ ਉਹਨਾਂ
25 ਜਨਵਰੀ ਵੀਰਵਾਰ ਨੂੰ ਜਲੰਧਰ ਦੇ ਮੈਟਰੋ ਹਸਪਤਾਲ ਵਿੱਚ ਸ਼ਾਮੀ 5 ਵਜੇ ਆਖਰੀ ਸਾਹ ਲਿਆ ਅਤੇ
ਬਲਵਾਨ ਮੌਤ ਦੇ ਖੂਨੀ ਪੰਜਿਆਂ ਅੱਗੇ ਜ਼ਿੰਦਗੀ ਦੀ ਬਾਜੀ ਹਾਰ ਗਿਆ।ਉਸਦੇ ਅਚਾਨਕ ਇਸ ਫਾਨੀ
ਦੁਨੀਆਂ ਅਲਵਿਦਾ ਕਹਿਣ ਨਾਲ ਉਸਦੇ ਚਾਹੁਣ ਵਾਲਿਆਂ ਦੇ ਧੁਰ ਅੰਦਰ ਤੱਕ ਧੂਹ ਪਈ ਹੈ।ਪੰਜਾਬੀ
ਸੰਗੀਤ ਇੰਡਸਟਰੀ ਤੋਂ ਇੱਕ ਗਾਇਕ ਹੀਰਾ ਮਨਫੀ ਹੋ ਗਿਆ ਹੈ।ਚਾਹੇ ਅੱਜ ਸਾਬਰਕੋਟੀ ਸਰੀਰਕ ਤੌਰ
ਤੇ ਸਾਡੇ ਦਰਮਿਆਨ ਨਹੀਂ ਹਨ, ਪਰ ਉਸ ਦੇ ਗੀਤ ਰੂਹ ਬਣਕੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਚ
ਹਮੇਸ਼ਾ ਰਾਜ ਕਰਦੇ ਰਹਿਣਗੇ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.