ਆਰ.ਐਸ.ਐਸ. ਦਾ ਫਿਰਕਾਪ੍ਰਸਤੀ ਦਾ ਜਹਿਰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਵਧੇਰੇ ਖਤਰੇ ਪੈਦਾ ਕਰ ਰਿਹਾ ਹੈ — ਅਰਸ਼ੀ

0
519

ਰੂਪ ਸਿੰਘ ਢਿੱਲੋਂ ਦੂਸਰੀ ਵਾਰ ਸਕੱਤਰ, ਦਲਜੀਤ ਮਾਨਸ਼ਾਹੀਆ ਤੇ ਨਰੇਸ਼ ਬੁਰਜ ਹਰੀ ਸਹਾਇਕ
ਸਕੱਤਰ ਸੀ.ਪੀ.ਆਈ. ਸਬ ਡਵੀਜਨ ਦੇ ਸਰਵ ਸੰਮਤੀ ਨਾਲ ਚੁਣੇ ਗਏ।

ਮਾਨਸਾ ( ਤਰਸੇਮ ਫਰੰਡ) ਸਬ ਡਵੀਜਨ ਮਾਨਸਾ ਦਾ ਡੈਲੀਗੇਟ ਇਜਲਾਸ ਕੇਵਲ ਸਿੰਘ ਐਮ.ਸੀ.,
ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ ਅਤੇ ਸਿੰਦਰਪਾਲ ਸਿੰਘ ਪੱੱਪੀ ਦੇ ਪ੍ਰਧਾਨਗੀ ਮੰਡਲ ਤੇ
ਜਿਲ੍ਹਾ ਅਬਜਰਬਰ ਜਗਰਾਜ ਸਿੰਘ ਹੀਰਕੇ, ਸੀਤਾ ਰਾਮ ਗੋਬਿੰਦਪਰਾ ਦੀ ਅਗਵਾਈ ਹੇਠ ਸਫਲਤਾ ਪੂਰਵਕ
ਸੰਪੰਨ ਹੋਇਆ। ਇਸ ਸਮੇਂ ਸੀਨੀਅਰ ਆਗੂ ਕਾ. ਨਿਹਾਲ ਸਿੰਘ ਨੇ ਸੁਆਗਤੀ ਭਾਸ਼ਣ ਦੌਰਾਨ ਡੈਲੀਗੇਟ
ਸਾਥੀਆਂ ਨੂੰ  ਸਫਲ ਇਜਲਾਸ ਦੀ ਮੁਬਾਰਕਬਾਤ ਦਿੱਤੀ ਗਈ। ਵਿਸ਼ੇਸ਼ ਤੌਰ ਤੇ ਪਹੁੰਚੇ ਸੀ.ਪੀ.ਆਈ.
ਦੇ ਸੂਬਾ ਸਕੱਤਰ ਕਾ. ਹਰਦੇਵ ਸਿੰਘ ਅਰਸ਼ੀ ਨੇ ਇਜਲਾਸ ਦੌਰਾਨ ਡੈਲੀਗੇਟ ਸਾਥੀਆਂ ਨੂੰ ਸੰਬੋਧਨ
ਕਰਦਿਆਂ ਕਿਹਾ ਕਿ ਆਰ.ਐਸ.ਐਸ. ਦੀ ਦਿਸ਼ਾ ਨਿਰਦੇਸ਼ਨਾ ਹੇਠ ਕੰਮ ਕਰ ਰਹੀ ਕੇਂਦਰ ਦੀ ਮੋਦੀ
ਸਰਕਾਰ ਦੇਸ਼ ਵਿੱਚ ਫਿਰਕੂ ਜਹਿਰ ਫੈਲਾਅ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰੇ ਵਿੱਚ ਪਾ
ਰਹੀ ਹੈ ਅਤੇ ਰਾਸ਼ਟਰਵਾਦ ਦੇ ਨਾਮ ਤੇ ਹਿੰਦੂਤਵ ਦਾ ਏਜੰਡਾ ਲਾਗੂ ਕਰਨ ਲਈ ਦੇਸ਼ ਵਿੱਚ ਘੱਟ
ਗਿਣਤੀਆਂ ਅਤੇ ਦਲਿਤਾਂ ਤੇ ਬੇਰਹਿਮੀ ਨਾਲ ਅੱਤਿਆਚਾਰ ਕਰਕੇ ਦੇਸ਼ ਨੂੰ ਜਮੀਨੀ ਪੱਧਰ ਤੇ ਵੰਡਣ
ਦਾ ਕੰਮ ਕਰ ਰਹੀ ਹੈ। ਉਨ੍ਹਾਂ ਆਰ.ਐਸ.ਐਸ. ਨੂੰ ਵਿਦੇਸ਼ੀ ਸਾਮਰਾਜੀ ਤਾਕਤਾਂ ਦਾ ਪਿੱਠੂ
ਦੱਸਦਿਆਂ ਕਿਹਾ ਕਿ ਸੰਘ ਵੱਲੋਂ ਦੇਸ਼ ਦੀ ਆਜ਼ਾਦੀ ਵਿੱਚ ਰੱਤੀ ਭਰ ਵੀ ਯੋਗਦਾਨ ਨਹੀਂ ਪਾਇਆ ਗਿਆ
ਅਤੇ ਬੀ.ਜੇ.ਪੀ. ਵੱਲੋਂ ਦੇਸ਼ ਵਿਰੋਧੀ ਤਾਕਤਾਂ ਨੂੰ ਸਿਰਮੌਰ ਆਗੂਆਂ ਵਜੋਂ ਪੇਸ਼ ਕਰਕੇ ਦੇਸ਼ ਦੀ
ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਪੱਤਾ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਮਿਊਨਿਸਟ ਧਿਰਾਂ
ਨੂੰ ਹਮੇਸ਼ਾ ਹੀ ਲੋਕ ਪੱਖੀ ਸੰਘਰਸ਼ਾਂ ਦੀ ਮੋਹਰੀ ਧਿਰ ਦੱਸਦਿਆਂ ਕਿਹਾ ਕਿ ਦੇਸ਼ ਵਿੱਚ
ਆਰ.ਐਸ.ਐਸ. ਦੇ ਫਿਰਕੂ ਏਜੰਡੇ ਘੱਟ ਗਿਣਤੀਆਂ ਅਤੇ ਦਲਿਤਾਂ ਤੇ ਅੱਤਿਆਚਾਰ ਨੂੰ ਰੋਕਣ ਲਈ ਧਰਮ
ਨਿਰਪੱਖ, ਜਮਹੂਰੀ ਸੋਸ਼ਲਿਸਟ ਅਤੇ ਖੱਬੀਆਂ ਪਾਰਟੀਆਂ ਨੂੰ ਸੰਘਰਸ਼ ਲਈ ਅੱਗੇ ਆਉਣ ਦੀ ਅਪੀਲ
ਕੀਤੀ। ਇਜਲਾਸ ਦੌਰਾਨ ਸਰਵ ਸੰਮਤੀ ਨਾਲ ਕਿਸਾਨਾਂ—ਮਜਦੂਰਾਂ ਦੇ ਸਮੁੱਚੇ ਕਰਜਾ ਮੁਆਫੀ,
ਨੌਜਵਾਨਾਂ ਲਈ ਕੌਮੀਰੁਜ਼ਗਾਰ ਗਰੰਟੀ ਕਾਨੂੰਨ ਬਣਾਉਣ, ਫਿਰਕਾਪ੍ਰਸਤੀ ਤਾਕਤਾਂ ਨੂੰ ਨੱਥ ਪਾਉਣ
ਅਤੇ ਦੇਸ਼ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਰੱਖਣ ਲਈ ਕੇਂਦਰ ਸਰਕਾਰ ਤੋਂ ਲਾਗੂ ਕਰਵਾਉਣ
ਲਈ ਮਤੇ ਪਾਸ ਕੀਤੇ ਗਏ। ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ
ਸਰਕਾਰ ਵੱਲੋਂ ਕਿਸਾਨਾਂ ਮਜਦੂਰਾਂ ਦੇ ਕਰਜਾ ਮੁਆਫੀ ਨਾ ਕਰਕੇ ਕਿਸਾਨਾਂ ਮਜਦੂਰਾਂ ਤੋਂ ਆਪਣਾ
ਵਿਸ਼ਵਾਸ਼ ਖੋਹ ਲਿਆ ਗਿਆ ਹੈ। ਉਨ੍ਹਾਂ ਨੌਜਵਾਨਾਂ ਲਈ ਰੁਜ਼ਗਾਰ, ਨਰੇਗਾ ਕਾਨੂੰਨ ਆਦਿ ਮੰਗਾਂ
ਨੂੰ ਲਾਗੂ ਕਰਨ ਲਈ ਸੂਬਾ ਸਰਕਾਰ ਤੋਂ ਅਪੀਲ ਕੀਤੀ ਗਈ। ਇਸ ਸਮੇਂ ਸਕੱਤਰ ਵੱਲੋਂ ਰਿਪੋਰਟ
ਹਾਊਸ ਵਿੱਚ ਪੜ੍ਹ ਕੇ ਪੇਸ਼ ਕੀਤੀ ਗਈ ਅਤੇ ਹਾਜਰ ਡੈਲੀਗੇਟ ਸਾਥੀਆਂ ਵੱਲੋਂ ਬਹਿਸ ਵਿੱਚ ਹਿੱਸਾ
ਲੈਣ ਉਪਰੰਤ ਵਾਧੇ—ਘਾਟੇ ਸ਼ਾਮਿਲ ਕਰਨ ਸਮੇਂ ਰਿਪੋਰਟ ਸਰਵ ਸੰਮਤੀ ਨਾਲ ਪਾਸ ਕੀਤੀ ਗਈ ਅਤੇ 21
ਮੈਂਬਰੀ ਸਬ ਡਵੀਜਨ ਕਮੇਟੀ ਬਣਾਉਣ ਦਾ ਪੈਨਲ ਵੀ ਪਾਸ ਕੀਤਾ ਗਿਆ। ਜਿਸ ਵਿੱਚ ਰੂਪ ਸਿੰਘ
ਢਿੱਲੋਂ ਦੂਸਰੀ ਵਾਰ ਸਕੱਤਰ, ਨਰੇਸ਼ ਬੁਰਜ ਹਰੀ ਅਤੇ ਦਲਜੀਤ ਮਾਨਸ਼ਾਹੀਆ ਸਹਾਇਕ ਸਕੱਤਰ ਸਰਵ
ਸੰਮਤੀ ਨਾਲ ਚੁਣੇ ਗਏ। ਇਸ ਸਮੇਂ 34 ਜਿਲ੍ਹ ਡੈਲੀਗੇਟਾਂ ਦੀ ਚੋਣ ਵੀ ਸਰਵ ਸੰਮਤੀ ਨਾਲ ਕੀਤੀ
ਗਈ। ਇਜਲਾਸ ਨੂੰ ਹੋਰਨਾਂ ਤੋਂ ਇਲਾਵਾ ਡਾ. ਆਤਮਾ ਸਿੰਘ ਆਤਮਾ ਮੁਲਾਜਮ ਆਗੂ, ਦਰਸ਼ਨ ਸਿੰਘ
ਪੰਧੇਰ, ਹਰਪਾਲ ਸਿੰਘ ਬੱਪੀਆਣਾ, ਭੁਪਿੰਦਰ ਸਿੰਘ ਬੱਪੀਆਣਾ, ਜਗਤਾਰ ਸਿੰਘ ਮੂਲਾ ਸਿੰਘ ਵਾਲਾ,
ਮਨਜੀਤ ਸਿੰਘ ਕੋਟ ਲੱਲੂ, ਮਿਲਖਾ ਸਿੰਘ ਭੀਖੀ, ਈਸ਼ਰ ਦਲੇਲ ਸਿੰਘ ਵਾਲਾ, ਦਰਬਾਰਾ ਸਿੰਘ
ਫਰਮਾਹੀ, ਜਗਤਾਰ ਸਿੰਘ ਅਤੇ ਹਰਨੇਕ ਸਿੰਘ ਮਾਨਸਾ ਖੁਰਦ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ
ਸਕੱਤਰ ਦੀ ਭੂਮਿਕਾ ਦਲਜੀਤ ਸਿੰਘ ਮਾਨਸ਼ਾਹੀਆ ਵੱਲੋਂ ਬਾਖੂਬੀ ਨਿਭਾਈ ਗਈ। ਅੰਤ ਵਿੱਚ ਜਿਲ੍ਹਾ
ਅਬਜਰਬਰ ਜਗਰਾਜ ਸਿੰਘ ਹੀਰਕੇ ਨੇ ਸਮੁੱਚੀ ਚੁਣੀ ਸਬ ਡਵੀਜਨ ਕਮੇਟੀ ਅਤੇ ਡੈਲੀਗੇਟ ਸਾਥੀਆਂ
ਨੂੰ ਵਧਾਈ ਦਿੱਤੀ ਅਤੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.