ਆਈਪੀਐਲ ਖਿਡਾਰੀਆਂ ਦਾ  ਅਮਨਦੀਪ ਕ੍ਰਿਕੇਟ ਅਕੈਡਮੀ ਪਹੁੰਚਣ ‘ਤੇ ਡਾ.ਸ਼ਹਿਬਾਜ ਵੱਲੋ ਕੀਤਾ ਨਿੱਘਾ ਸਵਾਗਤ ਤੇ ਮਾਣ-ਸਨਮਾਨ

0
557

ਸੰਗਰੂਰ, 31 ਜਨਵਰੀ (ਕਰਮਜੀਤ ਰਿਸ਼ੀ) ਅੰਮ੍ਰਿਤਸਰ ਭਾਵੇਂ ਦੇਸ਼ ਦੇ ਇੱਕ ਕੋਨੇ ‘ਚ ਹੋਣ ਕਰਕੇ
ਤਰੱਕੀ ਅਤੇ ਮੁਢਲੀਆਂ ਸਹੂਲਤਾਂ ਪੱਖੋਂ ਕਾਫ਼ੀ ਪਿਛੜਿਆ ਹੋਇਆ ਹੈ ਪਰ ਅੰਮ੍ਰਿਤਸਰ ਦੇ ਜੰਮਪਲ
ਇਸ ਧਰਤੀ ਦਾ ਕਰਜ਼ਾ ਉਤਾਰਨ ਲਈ ਦਿਨ ਰਾਤ ਕਰੜੀ ਮਿਹਨਤ ਕਰਦੇ ਹਨ ਅਤੇ ਅੰਮ੍ਰਿਤਸਰ ਦੇ ਨਾਲ
ਨਾਲ ਪੂਰੇ ਪੰਜਾਬ ਦਾ ਨਾਂ ਵੀ ਰੌਸ਼ਨ ਕਰਦੇ ਹਨ I ਅੰਮ੍ਰਿਤਸਰ ‘ਚ ਖੇਡ ਸਹੂਲਤਾਂ ਬਿਲਕੁਲ
ਨਾਂਹ ਦੇ ਬਰਾਬਰ ਹਨ ਪਰ ਫਿਰ ਵੀ ਅਜਿਹੇ ਮਰਜੀਵੜੇ ਖਿਡਾਰੀ ਹਨ ਜੋ ਅੰਮ੍ਰਿਤਸਰ ਦਾ ਨਾਮ
ਕੌਮਾਂਤਰੀ ਪਧਰ ‘ਤੇ ਚਮਕਾਉਣ ‘ਚ ਕੋਈ ਕਸਰ ਬਾਕੀ ਨਹੀਂ ਛਡ ਰਹੇ I ਇਲਾਕੇ ਦੇ ਦੋ ਕ੍ਰਿਕੇਟ
ਖਿਡਾਰੀਆਂ- ਸ਼ਰਦ ਰਾਜਿੰਦਰ ਲੂੰਬਾ ਅਤੇ ਅਭਿਸ਼ੇਕ ਸ਼ਰਮਾ ਦੀ ਹਾਲ ਹੀ ‘ਚ ਆਈਪੀਐਲ ਲਈ ਹੋਈ ਚੋਣ
ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅੰਮ੍ਰਿਤਸਰ ‘ਚ ਟੈਲੈਂਟ ਦੀ ਕੋਈ ਘਟ ਨਹੀਂ ਸਿਰਫ਼ ਲੋੜ ਹੈ
ਇਸਨੂੰ ਪਰਖਣ ਅਤੇ ਸਹੀ ਪਲੇਟਫਾਰਮ ਦੇਣ ਦੀ I ਸ਼ਰਦ ਲੂੰਬਾ ਦੀ ਚੋਣ ਜਿਥੇ ਮੁੰਬਈ ਇੰਡੀਅਨਜ਼ ਲਈ
ਹੋਈ ਹੈ, ਉਥੇ ਹੀ ਅਭਿਸ਼ੇਕ ਸ਼ਰਮਾ ਦੀ ਚੋਣ ਡੇਹਲੀ ਡੇਅਰ- ਡੇਵਿਲਜ਼ ਲਈ ਹੋਈ ਹੈ I ਦੋਵਾਂ
ਹੋਣਹਾਰ ਖਿਡਾਰੀਆਂ ਨੇ ਨਾ ਸਿਰਫ਼ ਇਲਾਕੇ ਦਾ ਨਾਮ ਹੀ ਉੱਚਾ ਕੀਤਾ ਹੈ ਬਲਕਿ ਧੰਨ-ਦੌਲਤ ਦੇ ਵੀ
ਢੇਰ ਲਾ ਦਿੱਤੇ ਹਨ ਜਿਸ ਨਾਲ ਇਲਾਕੇ ਦੇ ਉਭਰ ਰਹੇ ਖਿਡਾਰੀਆਂ ਨੂੰ ਹੋਰ ਸਖ਼ਤ ਮਿਹਨਤ ਕਰਨ ਦੀ
ਪ੍ਰੇਰਣਾ ਮਿਲੇਗੀ I ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਡਾ. ਸ਼ਹਿਬਾਜ਼ ਸਿੰਘ, ਡਾਇਰੈਕਟਰ,
ਅਮਨਦੀਪ ਕ੍ਰਿਕੇਟ ਅਕੈਡਮੀ ਨੇ I ਉਹ ਆਈਪੀਐਲ ਖਿਡਾਰੀ ਸ਼ਰਦ ਲੂੰਬਾ ਅਤੇ ਅਭਿਸ਼ੇਕ ਸ਼ਰਮਾ ਦੇ
ਸਨਮਾਨ ਲਈ ਅਮਨਦੀਪ ਕ੍ਰਿਕੇਟ ਅਕੈਡਮੀ, ਅੰਮ੍ਰਿਤਸਰ ਵੱਲੋਂ ਆਯੋਜਿਤ ਵਿਸ਼ੇਸ਼ ਸਮਾਗਮ ‘ਚ ਮੁੱਖ
ਮਹਿਮਾਨ ਵਜੋਂ ਬੋਲ ਰਹੇ ਸਨ I ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਇੰਟਰਨੈਸ਼ਨਲ ਖਿਡਾਰੀ
ਅਤੇ ਅਮਨਦੀਪ ਕ੍ਰਿਕੇਟ ਅਕੈਡਮੀ ਦੇ ਮੁੱਖ ਕੋਚ ਹਰਵਿੰਦਰ ਸਿੰਘ ਹੈਰੂ, ਮਨੀਸ਼ ਸ਼ਰਮਾ, ਲਵਲੀ
ਕ੍ਰਿਕੇਟ ਅਰੋੜਾ, ਮਧੂ ਅਰੋੜਾ ਆਦਿ ਹਾਜ਼ਿਰ ਸਨ I
ਸ਼ਰਦ ਲੂੰਬਾ ਦਾ ਜਨਮ 10 ਸਤੰਬਰ, 1989 ਨੂੰ ਅੰਮ੍ਰਿਤਸਰ ‘ਚ ਹੋਇਆ ਅਤੇ ਉਹ ਪੰਜਾਬ, ਪੰਜਾਬ
ਅੰਡਰ-19, ਪੰਜਾਬ ਅੰਡਰ-22 ਟੀਮਾਂ ਦਾ ਹਿੱਸਾ ਰਹੀ ਚੁੱਕਿਆ ਹੈ I ਉਸਨੇ ਸਾਲ 2013-14 ‘ਚ
ਆਪਣਾ 20-ਟਵੰਟੀ ਕੈਰੀਅਰ ਵੀ ਪੰਜਾਬ ਦੀ ਟੀਮ ਵੱਲੋਂ ਸ਼ੁਰੂ ਕੀਤਾ I ਲੂੰਬਾ ਪਿਛਲੇ ਸਾਲ
ਏਪੀਐਲ ਲੀਗ ‘ਚ ਏਸੀਏ ਵੱਲੋਂ ਵੀ ਖੇਡ ਚੁੱਕਾ ਹੈ I   2014 ‘ਚ ਸਈਅਦ ਮੁਸ਼ਤਾਕ ਟ੍ਰਾਫ਼ੀ ਖੇਡੀ
ਅਤੇ 2018 ਦੇ ਆਈਪੀਐਲ ਲਈ ਮੁੰਬਈ ਇੰਡੀਅਨਜ਼ ਟੀਮ ਲਈ ਚੋਣ ਹੋਈ ਹੈ I ਸ਼ਰਦ ਲੂੰਬਾ ਸੱਜੇ ਹੱਥ
ਦਾ ਬੈਟਸਮੈਨ ਹੈ ਅਤੇ ਰਾਈਟ ਹੈਂਡ ਆਫ਼-ਬ੍ਰੇਕ ਗੇਂਦਬਾਜ਼ ਵੀ ਹੈ I
ਅਭਿਸ਼ੇਕ ਸ਼ਰਮਾ ਵੀ ਅਮਨਦੀਪ ਕ੍ਰਿਕੇਟ ਅਕੈਡਮੀ ਦਾ ਸਾਬਕਾ ਖਿਡਾਰੀ ਰਿਹਾ ਹੈ ਅਤੇ ਅੰਡਰ-19
ਏਸ਼ੀਆ ਕੱਪ ਜਿੱਤਣ ਵਾਲੀ ਟੀਮ ਦਾ ਕੈਪਟਨ ਰਿਹਾ ਹੈ ਅਤੇ ਹੁਣ ਨਿਊਜ਼ੀਲੈਂਡ ਵਿਖੇ ਚਲ ਰਹੇ
ਅੰਡਰ-19 ਵਰਲਡ ਕੱਪ ਦਾ ਫ਼ਾਈਨਲ ਮੈਚ ਖੇਡ ਰਿਹਾ ਹੈ I ਜਿਸ ਕਰਕੇ ਉਹ ਖੁਦ ਇਸ ਸਮਾਗਮ ‘ਚ
ਹਾਜ਼ਿਰ ਨਹੀਂ ਹੋ ਸਕਿਆ I ਉਸਦੇ ਵੱਲੋਂ ਇਹ ਸਨਮਾਨ ਉਸਦੇ ਪਿਤਾ ਰਾਜ ਕੁਮਾਰ ਨੇ ਹਾਸਿਲ ਕੀਤਾ
I
ਅਮਨਦੀਪ ਕ੍ਰਿਕੇਟ ਅਕੈਡਮੀ ਵੱਲੋਂ ਦੋਵਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਅਤੇ ਦੋਵਾਂ ਨੂੰ
ਆਈਪੀਐਲ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਗਈਆਂ I

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.