ਭਾਈਚਾਰਕ ਸਾਂਝਾਂ  ਨੂੰ ਬਣਾਈ ਰੱਖਣ ਲਈ ਅਪਣੀ ਮਾਂ ਬੋਲੀ ਪੰਜਾਬੀ ਨੂੰ ਜਿਉਂਦਾ

0
525

>>> ਪਿਛਲੇ ਲੰਮੇ ਸਮੇ ਤੋ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਪੰਜਾਬੀ ਭਾਸ਼ਾ ਦਾ ਦੁਖਾਂਤ ਇਹ ਰਿਹਾ ਹੈ ਕਿ ਪੰਜਾਬ ਵਿੱਚ ਪੰਜਾਬੀ ਬੋਲਣ ਵਾਲੇ ਹਿੰਦੂ ਭਾਈਚਾਰੇ ਨੇ 1961 ਦੀ ਮਰਦਮ ਸੁਮਾਰੀ ਵਿੱਚ ਅਪਣੀ  ਮਾਤ ਭਾਸ਼ਾ ਪੰਜਾਬੀ ਨਹੀ ਬਲਕਿ ਹਿੰਦੀ ਲਿਖਾਈ ਸੀ। ਕਿਉਕਿ 1957  ਵਿੱਚ ਸਿੱਖਾਂ ਨੇ ਪੰਜਾਬੀ ਸੂਬੇ ਦੀ ਮੰਗ ਉਠਾਈ ਸੀ। ਪੰਜਾਬੀ ਭਾਸ਼ਾ ਦੇ ਅਧਾਰ ਤੇ ਬਣਨ ਵਾਲੇ ਸੂਬੇ ਵਿੱਚੋ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖ ਕੇ ਪੰਜਾਬ ਨੂੰ ਅਪਾਹਜ ਬਨਾਉਣ ਲਈ ਕੇਂਦਰੀ ਤਾਕਤਾਂ ਨੇ ਪੰਜਾਬ ਦੇ ਹਿੱਦੂਆਂ ਨੂੰ ਮੋਹਰੇ ਵਜੋ ਵਰਤਿਆ ਸੀ। ਉਸ ਮੌਕੇ ਪੰਜਾਬ ਦੇ ਬਹੁ ਗਿਣਤੀ ਹਿੰਦੂ ਭਾਈਚਾਰੇ ਨੇ ਅਪਣੀ ਮਾਤਭਾਸ਼ਾ ਪੰਜਾਬੀ ਨੂੰ ਤਿਲਾਂਜਲੀ ਦੇ ਕੇ ਹਿੰਦੀ ਨੂੰ ਤਬੱਜੋ ਦੇਣ ਦੀ ਵੱਡੀ ਗੁਸ਼ਤਾਖੀ ਕੀਤੀ ਸੀ।ਇਹੋ ਕਾਰਨ ਹੈ ਕਿ ਪੰਜਾਬ ਦਾ ਪੰਜਾਬੀ ਬੋਲਦਾ ਬਹੁਤ ਵੱਡਾ ਹਿੱਸਾ ਪੰਜਾਬ ਤੋਂ ਬਾਹਰ ਕਰ ਦਿੱਤਾ। ਹਰਿਆਣਾ ਵਿੱਚ ਸ਼ਾਮਲ ਕੀਤੇ ਗਏ ਅੰਬਾਲਾ , ਜਮੁਨਾ ਨਗਰ ਤੋ ਲੈ ਕੇ ਰਾਜਸਥਾਨ ਹਨੂਮਾਨਗੜ, ਗੰਗਾ ਨਗਰ ਤੱਕ ਦੇ ਇਲਾਕੇ ਪੰਜਾਬ ਤੋਂ ਹਮੇਸਾਂ ਲਈ ਦੂਰ ਕਰ ਦਿੱਤੇ। ਪੰਜਾਬ ਦੀ ਖੂਬਸੂਰਤੀ ਨੂੰ ਹੋਰ ਵੀ ਚਾਰਚੰਨ ਲਾਉਣ ਵਾਲੇ ਪਹਾੜੀ ਇਲਾਕੇ ਵੀ ਜਾਣਬੁੱਝ ਕੇ ਪੰਜਾਬ ਚੋ ਬਾਹਰ ਕਰਕੇ ਨਵੇਂ ਸੂਬੇ ਹਿਮਾਚਲ ਪਰਦੇਸ਼ ਵਿੱਚ ਸ਼ਾਮਲ ਕਰ ਦਿੱਤੇ ਗਏ ਤਾਂ ਕਿ ਪੰਜਾਬ ਨੂੰ ਇੱਕ ਤੀਰ ਨਾਲ ਦੋ ਦੋ ਨਿਸਾਨੇ ਲਾ ਕੇ ਫੁੰਡਿਆ ਜਾ ਸਕੇ। ਜਿੱਥੇ ਭਾਖੜਾ ਵਾਲਾ ਪੰਜਾਬੀ ਬੋਲਦਾ ਇਲਾਕਾ ਪੰਜਾਬ ਚੋ ਬਾਹਰ ਰੱਖ ਕੇ ਸੂਬੇ ਦੀਆਂ ਹੱਦਾਂ ਨੂੰ ਬੇਹੱਦ ਹੀ ਸੀਮਤ ਦਾਇਰੇ ਵਿੱਚ ਕਰਕੇ ਕਮਜੋਰ ਕਰਨ ਦੀ ਗਹਿਰੀ ਚਾਲ ਖੇਡੀ ਗਈ, ਓਥੇ ਪੰਜਾਬ ਦੇ ਪਾਣੀਆਂ ਤੋ ਮੁਫਤ ਵਿੱਚ ਤਿਆਰ ਹੁੰਦੇ ਉਤਮ ਬਿਜਲਈ ਸਰੋਤਾਂ ਨੂੰ ਖੋਹਣ ਦੀ ਸਾਜਿਸ਼ ਵੀ ਕੇਂਦਰੀ ਹਾਕਮਾਂ ਨੇ ਘੜੀ ਹੋਈ ਸੀ। ਬਹੁਤ ਦੁਖ ਵਾਲੀਆਂ ਗੱਲਾਂ ਤਾਂ ਇਹ ਹਨ ਕਿ ਪੰਜਾਬੀ ਸੂਬਾ ਲੈ ਕੇ ਰਾਜ ਭਾਗ ਸਾਂਭਣ ਦੇ ਚਾਅ ਵਿੱਚ ਅਕਾਲੀਆਂ ਨੇ ਇਸ ਪੱਖ ਤੇ ਇਮਾਨਦਾਰੀ ਨਾਲ ਗੌਰ ਕਰਨ ਦੀ ਵਜਾਏ, ਇਸ ਬੇਹੱਦ ਗੰਭੀਰ ਮਸਲੇ ਨੂੰ  ਸਿਆਸਤ ਕਰਕੇ ਰੋਟੀਆਂ ਸੇਕਣ ਦਾ ਜ਼ਰੀਆ ਬਣਾ ਲਿਆ।ਇਸ ਤੋ ਵੀ ਖਤਰਨਾਕ ਤੇ ਸ਼ਰਮਨਾਕ ਗੱਲ ਇਹ ਹੈ ਕਿ ਮਹਾਂ ਪੰਜਾਬ ਤੋਂ ਲੰਗੜੀ ਸੂਬੀ ਤੱਕ ਸਿਮਟਣ ਵਾਲਿਆਂ ਨੇ ਇਸ ਪੰਜਾਬੀ ਸੂਬੀ ਨੂੰ ਵੀ ਸਾਂਭਣ ਵੱਲ ਧਿਆਨ ਨਹੀ ਦਿੱਤਾ, ਜਦੋ ਕਿ ਕੇਂਦਰੀ ਤਾਕਤਾਂ ਪੰਜਾਬ ਦੇ ਨਾਮ ਤੱਕ ਤੋ ਵੀ ਡਰਦੀਆਂ ਹੋਣ ਕਾਰਨ ਕਦੇ ਵੀ ਪੰਜਾਬ ਵਾਲੇ ਪਾਸੇ ਧਿਆਨ ਦੇਣ ਤੋ ਅਬੇਸਲੀਆਂ ਨਹੀ ਹੋਈਆਂ। ਉਹਨਾਂ ਨੇ ਪੰਜਾਬ ਨੂੰ ਬਰਬਾਦ ਕਰਨ ਦਾ ਕੋਈ ਵੀ ਮੌਕਾ ਖੁੰਜਣ ਨਹੀ ਦਿੱਤਾ, ਬਲਕਿ ਨਵੀਆਂ ਨਵੀਆਂ ਸਾਜਿਆ ਪੰਜਾਬ ਨੂੰ ਬਰਬਾਦ ਕਰਨ ਲਈ ਵਰਤੀਆਂ ਜਾਂਦੀਆਂ ਰਹੀਆਂ ਹਨ ਅਤੇ ਜਾ ਰਹੀਆਂ ਹਨ।ਪੰਜਾਬ ਵਿੱਚ ਰਾਜ ਕਰਨ ਵਾਲੀ ਕਿਸੇ ਵੀ ਧਿਰ ਨੇ ਕਦੇ ਵੀ ਭਾਂਵੇਂ ਉਹ ਅਕਾਲੀ ਹੋਣ ਜਾਂ ਕਾਂਗਰਸੀ, ਪੰਜਾਬੀ ਭਾਸ਼ਾ ਦੇ ਭਲੇ ਲਈ ਕੋਈ ਚਾਰਾਜੋਈ ਨਹੀ ਕੀਤੀ। ਭਾਵੇ ਸਰੋਮਣੀ ਅਕਾਲੀ ਦਲ ਦੀ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਰਾਜਭਾਸ਼ਾ ਬਨਾਉਣ ਲਈ ਕਨੂੰਨ ਬਣਾਇਆ, ਪਰ ਉਹ ਕਨੂੰਨ ਵੀ ਫਾਇਲਾਂ ਤੋ ਬਾਹਰ ਨਾ ਨਿਕਲ ਸਕੇ। ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਅੰਗਰੇਜੀ ਦਾ ਬੋਲਬਾਲਾ ਹੀ ਰਿਹਾ। ਸੂਬੇ ਦੀਆਂ ਅਦਾਲਤਾਂ ਵਿੱਚ ਸਭ ਤੋ ਵੱਧ ਅੰਗਰੇਜੀ ਭਾਸ਼ਾ ਵਿੱਚ ਕੰਮ ਹੁੰਦਾ ਹੈ ਜਿੱਥੇ ਪੰਜਾਬੀ ਭਾਸ਼ਾ ਦੀ ਇੱਕ  ਚਪੜਾਸੀ ਜਿੰਨੀ ਵੀ ਕਦਰ ਨਹੀ। ਸਿਵਲ ਅਤੇ ਫੌਜਦਾਰੀ ਕੇਸਾਂ ਦੇ ਸਮੁੱਚੇ ਫੈਸਲੇ ਅੰਗਰੇਜੀ ਵਿੱਚ ਹੀ ਲਿਖੇ ਜਾਂਦੇ ਹਨ। ਪੱਛਮੀ ਸੱਭਿਆਚਾਰ ਦੀ ਹਨੇਰੀ ਨੇ ਵੀ ਪੰਜਾਬੀ ਭਾਸ਼ਾ ਦੇ ਨੁਕਸਾਨ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਹੈ। ਪੰਜਾਬ ਦੀ ਧਰਤੀ ਤੇ ਖੁੱਲੇ ਨਿੱਜੀ ਸਕੂਲਾਂ ਨੇ ਪੰਜਾਬੀ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ। ਪੰਜਾਬ ਦੀ ਸ਼ਰ ਜਮੀਨ ਤੇ ਬਣੇ ਇਹਨਾਂ ਪਬਲਿਕ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਮਨਾਹੀ ਹੀ ਨਹੀ ਕੀਤੀ ਗਈ ਬਲਕਿ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਭਾਰੀ ਜੁਰਮਾਨੇ ਤੱਕ ਕੀਤੇ ਜਾਂਦੇ ਹਨ, ਤਾਂ ਕਿ ਪੰਜਾਬੀ ਬੱਚੇ ਪੰਜਾਬੀ ਤੋ ਦੂਰੀ ਬਣਾ ਲੈਣ। ਵੱਡੇ ਦੁੱਖ ਦੀ ਗੱਲ ਇਹ ਵੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋ ਮਾਨਤਾ ਪਰਾਪਤ ਬਹੁਤ ਸਾਰੇ ਅਜਿਹੇ ਨਿੱਜੀ ਸਕੂਲਾਂ ਦਾ ਵੀ ਮੀਡੀਅਮ ਪੰਜਾਬੀ ਨਹੀ ਬਲਕਿ ਅੰਗਰੇਜੀ ਜਾਂ ਹਿੰਦੀ ਹੁੰਦਾ ਹੈ, ਫਿਰ ਸੀ ਬੀ ਐਸ ਸੀ ਤੋ ਪੰਜਾਬੀ ਦੀ ਆਸ ਰੱਖਣੀ ਤਾ ਮੂਰਖਤਾ ਵਾਲੀ ਗੱਲ ਹੀ ਸਮਝ ਲੈਣੀ ਚਾਹੀਦੀ ਹੈ। ਹੋਰ ਕੋਈ ਵੀ ਭਾਸ਼ਾ ਪੜਾਈ ਜਾਵੇ, ਕਿੰਨੀਆਂ ਹੀ ਭਾਸ਼ਾਵਾਂ ਦਾ ਗਿਆਨ ਦਿੱਤਾ ਜਾਵੇ ਪਰ ਅਪਣੀ ਮਾਂ ਬੋਲੀ  ਦੀ ਬਲੀ ਦੇਕੇ ਦੇ ਕੇ ਮਿਲਣ ਵਾਲਾ ਗਿਆਨ ਕਿਸੇ ਵੀ ਕੀਮਤ ਤੇ ਮਨਜੂਰ ਨਹੀ ਹੋਣਾ ਚਾਹੀਦਾ। ਅੱਜ ਹਾਲਾਤ ਇਹ ਬਣ ਗਏ ਹਨ ਕਿ ਪੰਜਾਬੀ ਬੱਚੇ ਘਰਾਂ ਵਿੱਚ ਵੀ ਬੜੀ ਸਾਂਨ ਨਾਲ ਹਿੰਦੀ ਬੋਲਦੇ ਹਨ ਜਾਂ ਅੰਗਰੇਜੀ,  ਪਰ ਪੰਜਾਬੀ ਬੋਲਣ ਤੋ ਸੰਕੋਚ ਕੀਤਾ ਜਾਂਦਾ ਹੈ।ਇਹ ਕੌੜਾ ਸੱਚ ਹੈ ਕਿ ਪੰਜਾਬ ਦੇ ਸਹਿਰੀ ਹਿੰਦੂ ਭਾਈਚਾਰੇ ਨੇ ਤਾਂ ਅਪਣੇ ਘਰਾਂ ਚੋ ਪੱਕੇ ਤੌਰ ਤੇ ਪੰਜਾਬੀ ਨੂੰ ਬਾਹਰ ਕਰ ਦਿੱਤਾ ਹੈ, ਓਥੇ ਪੰਜਾਬੀ ਬੋਲਣੀ ਦੁਸ਼ਮਣ ਦੀ ਭਾਸ਼ਾ ਬੋਲਣ ਵਾਲੀ ਗੱਲ ਬਣ ਚੁੱਕੀ ਹੈ। ਸਾਡੇ ਪੇਂਡੂ ਬੱਚਿਆਂ ਵਿੱਚ ਇਹਨੂੰ ਅਨਪੜਾਂ ਦੀ ਭਾਸ਼ਾ ਕਹਿ ਕੇ ਪਰਚਾਰਿਆ ਜਾ ਰਿਹਾ ਹੈ ਤੇ ਪੰਜਾਬੀ ਬੋਲਣ ਵਾਲਿਆਂ ਨੂੰ ਅਨਪੜ, ਜਾਹਲ ਦਾ ਦਰਜਾ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਅੰਗਰੇਜੀ ਜਾਂ ਹਿੰਦੀ ਬੋਲਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪੰਜਾਬੀ ਭਾਸ਼ਾ ਨਾਲ ਇਹ ਹੋ ਰਹੀ ਬੇ-ਇਨਸਾਫੀ ਪਿੱਛੇ ਜਿਹੜਾ ਮੁੱਖ ਕਾਰਨ ਹੈ ਉਹ ਹੈ ਸਿੱਖ ਧਰਮ। ਸਿੱਖੀ ਦੀ ਬੁਨਿਆਦ ਗੁਰਮੁਖੀ ਭਾਵ ਪੰਜਾਬੀ ਹੈ। ਸਾਡਾ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ ਪੰਜਾਬੀ ਵਿੱਚ ਹੋਣ ਕਰਕੇ ਇਹ ਭਾਸ਼ਾ ਸਿੱਖੀ ਦੇ ਖਾਤੇ ਪਾ ਦਿੱਤੀ ਗਈ ਹੈ ਤੇ ਇਸ ਖਿੱਤੇ ਵਿੱਚ ਰਹਿਣ ਵਾਲੇ ਗੈਰ ਸਿੱਖ ਭਾਵ ਹਿੰਦੂ ਭਾਈਚਾਰੇ ਨੇ ਬਹੁਤਾਤ ਵਿੱਚ ਪੰਜਾਬੀ ਤੋ ਕਿਨਾਰਾ ਕਰ ਲਿਆ ਹੈ। ਬੇਸ਼ੱਕ ਪੰਜਾਬ ਵਿੱਚੋ ਪੰਜਾਬੀ ਦਾ ਦਮ ਤੋੜਨਾ ਮਹਿਜ ਅੰਗਰੇਜੀ ਪਿੱਛੇ ਪੈਣ ਦੀ ਭੇਡਚਾਲ ਹੀ ਦਿਖਾਈ ਦਿੰਦੀ ਹੈ ਪਰ ਅਸਲ ਕਾਰਨ ਤਾਂ ਇਹ ਹੈ ਕਿ ਪੰਜਾਬੀ ਨੂੰ ਜਾਣ ਬੁੱਝ ਕੇ ਮਾਰਿਆ ਜਾ ਰਿਹਾ ਹੈ। ਪੰਜਾਬੀ ਨੂੰ ਮਾਰਨ ਦਾ ਮਤਲਬ ਹੈ ਸਿੱਖੀ ਨੂੰ ਖਤਮ ਕਰਨਾ। ਜਿੰਨੀ ਦੇਰ ਪੰਜਾਬੀ ਅਪਣੀ ਭਾਸ਼ਾ ਤੇ ਅਪਣੀ ਬੋਲੀ ਤੇ ਮਾਣ ਕਰਦੇ ਰਹੇ ਹਨ ਓਨੀ ਦੇਰ ਪੰਜਾਬੀਅਤ ਅਤੇ ਸਿੱਖੀ ਦੋਵੇਂ ਹੀ ਚੜਦੀ ਕਲਾ ਵਿੱਚ ਰਹੇ ਹਨ, ਪਰੰਤੂ ਜਦੋ ਤੋ ਪੰਜਾਬੀ ਦੀ ਦੁਰਦਸ਼ਾ ਸ਼ੁਰੂ ਹੋਈ ਹੈ ੳਸ ਸਮੇ ਤੋ ਪੰਜਾਬ, ਪੰਜਾਬੀਅਤ ਅਤੇ ਸਿੱਖੀ ਤਿੰਨੇ ਹੀ ਨਿਘਾਰ ਵੱਲ ਜਾ ਰਹੇ ਹਨ।ਕਦਰਾਂ ਕੀਮਤਾਂ ਖੁਰ ਰਹੀਆਂ ਹਨ। ਇਨਸਾਨੀਅਤ ਵੰਡੀ ਜਾ ਰਹੀ ਹੈ। ਭਾਈਚਾਰਾ ਤੋੜਿਆ ਜਾ ਰਿਹਾ ਹੈ। ਜੇਕਰ ਇੱਕ ਪੰਜਾਬੀ ਦੀ ਗੱਲ ਕਰਦਾ ਹੈ ਤਾਂ ਦੂਸਰਾ ਝੱਟ ਹਿੰਦੀ ਦੇ ਹੱਕ ਵਿੱਚ ਉੱਠ ਖੜਦਾ ਹੈ ਤੇ ਤੀਸਰਾ ਉਰਦੂ ਦੇ ਹੱਕ ਵਿੱਚ, ਜਦੋ ਕਿ ਹੋਣਾ ਇਹ ਚਾਹੀਦਾ ਸੀ ਕਿ ਭਾਸ਼ਾਵਾਂ ਬੇਸ਼ੱਕ ਸਾਰੀਆਂ ਹੀ ਸਿੱਖੀਆਂ ਜਾਂਦੀਆਂ ਪਰ ਮਾਤਭਾਸ਼ਾ ਤੋ ਕਿਸੇ ਦਾ ਵੀ ਮੋਹ ਭੰਗ ਨਹੀ ਸੀ ਹੋਣਾ ਚਾਹੀਦਾ ,ਇਸ ਪੰਜਾਬੀ ਵਿਰੋਧੀ ਪਰਵਿਰਤੀ ਨੇ ਪੰਜਾਬੀ ਭਾਈਚਾਰੇ ਨੂੰ ਤੋੜਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਸੋ ਇਸ ਸਭ ਦੇ ਮੱਦੇਨਜਰ ਸਾਨੂੰ ਇਹ ਸੋਚ ਕੇ ਸਮਝ ਕੇ ਚੱਲਣਾ ਹੋਵੇਗਾ ਕਿ ਪੰਜਾਬੀ ਭਾਸ਼ਾ ਖਤਮ ਹੋਣ ਦਾ ਮਤਲਬ ਹੋਵੇਗਾ ਸਿੱਖੀ ਸਿਧਾਤਾਂ ਦਾ ਘਾਣ ਹੋਣਾ, ਪੰਜਾਬੀਅਤ ਦਾ ਕਤਲ ਹੋਣਾ, ਪੰਜਾਬੀ ਭਾਈਚਾਰੇ ਦੀਆਂ ਅਪਸੀ ਮੋਹ ਦੀਆਂ ਤੰਦਾਂ ਦਾ ਤਿੜਕ ਜਾਣਾ। ਸੋ ਇਹਨਾਂ ਸਾਰੇ ਮਨੁੱਖੀ ਰਿਸ਼ਤਿਆਂ ਨੂੰ ਬਣਾਈ ਰੱਖਣ ਲਈ ਅਪਣੀ ਮਾਂ ਬੋਲੀ ਨੂੰ ਜਿਉਂਦਾ ਰੱਖਣਾ ਬੇਹੱਦ ਜਰੂਰੀ ਹੈ, ਜਿਹੜੀ ਸਮੁੱਚਿਆਂ ਫਿਰਕਿਆਂ ਨੂੰ ਭਾਈਚਾਰੇ ਵਰਗੇ ਮਿੱਠੇ ਸਬਦਾਂ ਨਾਲ ਆਪਸ ਵਿੱਚ ਜੋੜੀ ਰੱਖਣ ਲਈ ਇੱਕ ਸਮਝਦਾਰ ਮਾਂ ਵਾਲਾ ਫਰਜ਼ ਅਦਾ ਕਰਦੀ ਹੈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.