ਫਿਲਮ ਰਿਲੀਜ਼ ‘ਤੇ ਸਿੱਖ ਕੌਮ ਦੀਆਂ ਭੜਕ ਸਕਦੀਆਂ ਹਨ ਭਾਵਨਾਵਾਂ, ਅਣ ਸੁਖਾਵੇਂ ਮਾਹੌਲ ਲਈ ਫਿਲਮ ਦੇ ਨਿਰਦੇਸ਼ਕ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਹੋਵੇਗੀ ਜ਼ਿੰਮੇਵਾਰ : ਬਾਬਾ ਹਰਨਾਮ ਸਿੰਘ ਖ਼ਾਲਸਾ ।

0
329

ਅੰਮ੍ਰਿਤਸਰ 9 ਅਪ੍ਰੈਲ (   ) ਦਮਦਮੀ ਟਕਸਾਲ ਨੇ ਵਿਵਾਦਿਤ ਫਿਲਮ ਨਾਨਕਸ਼ਾਹ ਫਕੀਰ ਪ੍ਰਤੀ ਸਖ਼ਤ
ਵਿਰੋਧ ਜਤਾਇਆ ਹੈ । ਫਿਲਮ ਪ੍ਰਤੀ ਸਿੱਖ ਕੌਮ ਅੰਦਰ ਪੈਦਾ ਹੋਈ ਰੋਸ ਅਤੇ ਰੋਹ ਨੂੰ ਸਮਝਦਿਆਂ
ਉਕਤ ਫਿਲਮ ਨੂੰ ਰਿਲੀਜ਼ ਕਰਨ ‘ਤੇ ਤੁਰੰਤ ਪੂਰਨ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਉਹਨਾਂ
ਕਿਹਾ ਕਿ ਫਿਲਮ ਰਿਲੀਜ਼ ਹੋਈ ਤਾਂ ਸਿੱਖ ਕੌਮ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ। ਜਿਸ ਨਾਲ
ਸਿੱਟੇ ਵਜੋਂ ਨਿਕਲਣ ਵਾਲੇ ਸੰਭਾਵੀ ਭੈੜੇ ਨਤੀਜਿਆਂ ਅਤੇ ਅਣ ਸੁਖਾਵੇਂ ਮਾਹੌਲ ਲਈ ਫਿਲਮ ਦੇ
ਨਿਰਦੇਸ਼ਕ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ 13
ਅਪ੍ਰੈਲ 1978 ਦੌਰਾਨ ਨਰਕਧਾਰੀਆਂ ( ਨਕਲੀ ਨਿਰੰਕਾਰੀਆਂ ) ਵੱਲੋਂ ਵਰਤਾਏ ਗਏ ਖੂਨੀ ਸਾਕੇ
ਦੌਰਾਨ ਸ਼ਹੀਦ ਹੋਏ 13 ਸਿੰਘਾਂ ਦੀ ਯਾਦ ਵਿੱਚ 14 ਅਪ੍ਰੈਲ ਨੂੰ ਸਥਾਨਿਕ ਬੀ ਬਲਾਕ ਰੇਲਵੇ
ਕਲੋਨੀ ਵਿਖੇ ਦਮਦਮੀ ਟਕਸਾਲ ਵੱਲੋਂ ਮਨਾਏ ਜਾ ਰਹੇ ਚਾਲ੍ਹੀਵਾਂ ਸ਼ਹੀਦੀ ਯਾਦਗਾਰ ਸਮਾਗਮ ਦੀਆਂ
ਤਿਆਰੀਆਂ ਦਾ ਜਾਇਜ਼ਾ ਲੈਣ ਆਏ ਸਨ, ਨੇ ਕਿਹਾ ਕਿ ਦਮਦਮੀ ਟਕਸਾਲ ਉਕਤ ਫਿਲਮ ਪ੍ਰਤੀ ਪਹਿਲਾਂ ਵੀ
ਸਖ਼ਤ ਇਤਰਾਜ਼ ਜਤਾ ਚੁੱਕੀ ਹੈ।ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਿਰਦਾਰ
ਕਿਸੇ ਵੀ ਮਨੁੱਖ ਵੱਲੋਂ ਨਿਭਾਇਆ ਜਾਣਾ ਸਿੱਖੀ ਸਿਧਾਂਤਾਂ ਦੀ ਉਲੰਘਣਾ ਹੈ।ਅਜਿਹਾ ਕਰ ਕੇ
ਫਿਲਮ ਦੇ ਨਿਰਦੇਸ਼ਕ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਗਹਿਰੀ ਠੇਸ ਪਹੁੰਚਾਈ ਹੈ।
ਉੱਪਰੋਂ ਫਿਲਮ ਰਿਲੀਜ਼ ਕਰਨ ਲਈ ਨਿਸ਼ਚਿਤ ਮਿਤੀ ਦਾ ਐਲਾਨ ਕਰ ਕੇ ਨਿਰਦੇਸ਼ਕ ਨੇ ਬਲਦੀ ‘ਤੇ ਤੇਲ
ਪਾ ਦਿਤਾ ਹੈ।ਉਸ ਵੱਲੋਂ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਵਿਰੋਧ ਕਰ ਰਹੀ ਸਿੱਖ ਕੌਮ ਨੂੰ ਹੀ
ਚੁਨੌਤੀ ਦਿੰਦਿਆਂ ਟਕਰਾਓ ਦੀ ਸਥਿਤੀ ਪੈਦਾ ਕਰਦਿਤੀ ਗਈ ਹੈ। ਮਾਹੌਲ ਖਰਾਬ ਹੋਇਆ ਜਾਂ ਸ਼ਾਂਤੀ
ਭੰਗ ਹੋਈ ਤਾਂ ਇਸ ਦੀ ਜ਼ਿੰਮੇਵਾਰੀ ਫਿਲਮ ਨਿਰਦੇਸ਼ਕ, ਕੇਂਦਰ ਅਤੇ ਪੰਜਾਬ ਸਰਕਾਰ ਸਿਰ ਹੋਵੇਗੀ।
ਉਹਨਾਂ ਕੇਂਦਰੀ ਫਿਲਮ ਸੈਂਸਰ ਬੋਰਡ ਨੂੰ ਵੀ ਉਕਤ ਫਿਲਮ ਲਈ ਜਾਰੀ ਸਰਟੀਫਿਕੇਟ ਰੱਦ ਕਰਨ ਅਤੇ
ਪੰਜਾਬ ਤੇ ਕੇਂਦਰ ਸਰਕਾਰ ਨੂੰ ਫਿਲਮ ਦੀ ਰਿਲੀਜ਼ ‘ਤੇ ਪਾਬੰਦੀ ਲਾਉਣ ਲਈ ਤੁਰੰਤ ਕਾਰਵਾਈ ਕਰਨ
ਲਈ ਕਿਹਾ ਹੈ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ’78 ਦੇ ਵਿਸਾਖੀ ਸਾਕੇ ਦੇ 13 ਸ਼ਹੀਦ ਸਿੰਘਾਂ ਦੀ
ਯਾਦ ‘ਚ ਗੁ: ਸ਼ਹੀਦ ਗੰਜ ਬੀ ਬਲਾਕ ਰੇਲਵੇ ਕਲੋਨੀ ਵਿਖੇ ਦਮਦਮੀ ਟਕਸਾਲ ਵੱਲੋਂ 14 ਅਪ੍ਰੈਲ
2018 ਨੂੰ ਮਨਾਏ ਜਾ ਰਹੇ ਚਾਲ੍ਹੀਵਾਂ ਸ਼ਹੀਦੀ ਸਮਾਗਮ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਦਾ
ਸਨਮਾਨ ਕੀਤਾ ਜਾਵੇਗਾ।ਇਸ ਮੌਕੇ ਉਹਨਾਂ ਪੂਰੀ ਸ਼ਰਧਾ ਉਤਸ਼ਾਹ ਨਾਲ ਹੁੰਮ੍ਹ ਹੁਮਾ ਕੇ ਸ਼ਹੀਦੀ
ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸੰਗਤ ਨੂੰ ਅਪੀਲ ਕੀਤੀ ਹੈ। ਉਹਨਾਂ ਦੱਸਿਆ ਕਿ 40 ਸਾਲ ਪਹਿਲਾਂ
’78 ਦੀ ਵਿਸਾਖੀ ‘ਤੇ ਅੰਮ੍ਰਿਤਸਰ ਦੀ ਪਾਵਨ ਧਰਤੀ ‘ਤੇ  ਨਰਕਧਾਰੀਆਂ ਵੱਲੋਂ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ। ਜਿਸ ਨੂੰ ਰੋਕਣ ਲਈ
ਦਮਦਮੀ ਟਕਸਾਲ ਦੇ ਚੌਧਵੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ
ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਦਾ ਜਥਾ ਰਵਾਨਾ ਕੀਤਾ ਗਿਆ, ਗੁਰਬਾਣੀ
ਅਤੇ ਨਾਮ ਸਿਮਰਨ ਕਰਦਿਆਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੰਘਾਂ ਉੱਤੇ ਨਰਕਧਾਰੀਆਂ ਨੇ
ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ ਜਿਸ ਨਾਲ 13 ਸਿੰਘ ਸ਼ਹੀਦ ਅਤੇ ਅਨੇਕਾਂ ਜ਼ਖਮੀ ਹੋ ਗਏ
ਸਨ।ਅੱਜ ਦੇ ਇਸ ਮੌਕੇ ਜਥੇਦਾਰ ਬਾਬਾ ਅਜੀਤ ਸਿੰਘ, ਬਾਬਾ ਨਿਰਵੈਰ ਸਿੰਘ, ਜਥੇ: ਜਰਨੈਲ ਸਿੰਘ,
ਬਾਬਾ ਕੁੰਦਨ ਸਿੰਘ, ਬਾਬਾ ਜਗੀਰ ਸਿੰਘ, ਭਾਈ ਪ੍ਰਨਾਮ ਸਿੰਘ, ਭਾਈ ਸਤਨਾਮ ਸਿੰਘ, ਭਾਈ ਸ਼ਮਸ਼ੇਰ
ਸਿੰਘ, ਭਾਈ ਨਿਰਮਲ ਸਿੰਘ, ਭਾਈ ਪ੍ਰਭਜੀਤ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.